ਮਾਲਵਾ ਕਾਲਜ ’ਚ ਦੀਵਾਲੀ ਦਾ ਤਿਉਹਾਰ ਮਨਾਇਆ
ਕਿਸੇ ਵੀ ਵਿੱਦਿਅਕ ਸੰਸਥਾ ਵੱਲੋਂ
Publish Date: Sat, 18 Oct 2025 07:22 PM (IST)
Updated Date: Sat, 18 Oct 2025 07:23 PM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਕਿਸੇ ਵੀ ਵਿੱਦਿਅਕ ਸੰਸਥਾ ਵੱਲੋਂ ਸਿਰਫ ਕਿਤਾਬੀ ਸਿਲੇਬਸ ਵਿਦਿਆਰਥੀਆਂ ਨੂੰ ਪੜ੍ਹਾ ਦੇਣਾ ਹੀ ਕਾਫੀ ਨਹੀਂ ਹੁੰਦਾ, ਸਗੋਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵਾਸਤੇ ਸਹਿ-ਅਕਾਦਮਿਕ ਸਰਗਰਮੀਆਂ ਰਾਹੀਂ ਉਨ੍ਹਾਂ ਦੇ ਹੁਨਰ ਨੂੰ ਸਾਹਮਣੇ ਲਿਆਉਣਾ ਵੀ ਬਹੁਤ ਮਹੱਤਵਪੂਰਨ ਕਾਰਜ ਹੋਣਾ ਚਾਹੀਦਾ ਹੈ, ਜੋ ਹਮੇਸ਼ਾ ਸਾਡੀ ਪਹਿਲ ਰਹੀ ਹੈ। ਇਹ ਸ਼ਬਦ ਮਾਲਵਾ ਗਰੁੱਪ ਆਫ ਕਾਲਜਿਜ਼ ਸਰਦੂਲੇਵਾਲਾ ਦੇ ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਵੱਲੋਂ ਸੰਸਥਾ ਵਿੱਚ ਰੋਸ਼ਨੀਆਂ ਦੇ ਤਿਉਹਾਰ ਦਿਵਾਲੀ ਤੋਂ ਪਹਿਲਾਂ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਹੇ। ਇਸ ਸਮਾਗਮ ਵਿੱਚ ਹੋਰ ਸਰਗਰਮੀਆਂ ਤੋਂ ਇਲਾਵਾ ਕਾਲਜ ਵਿੱਚ ਆਈਆਂ ਨਵੀਆਂ ਕਲਾਸਾਂ ਦੇ ਫਰੈਸ਼ਰ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਫਾਈਨਲ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਕਰਵਾਏ ਗਏ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਵਿੱਦਿਆ ਦੀ ਦੇਵੀ ਸਰਸਵਤੀ ਸਾਹਮਣੇ ਮੈਡਮ ਰਾਜ ਸੋਢੀ ਵੱਲੋਂ ਜੋਤੀ ਪ੍ਰਚਲਣ ਕਰਕੇ ਸਰਸਵਤੀ ਵੰਦਨਾ ਨਾਲ ਸ਼ੁਰੂ ਕੀਤੀ ਗਈ। ਸੰਸਥਾ ਦੀਆਂ ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਲੈਕਚਰਾਰ ਬਲਜੀਤ ਪਾਲ ਸਿੰਘ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਭਵਿੱਖ ਵਿੱਚ ਅਜਿਹੇ ਹੋਰ ਸਮਾਗਮਾਂ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ ਅਤੇ ਲੜਕੀਆਂ ਨੂੰ ਕੈਂਪਸ ਵਿੱਚ ਉਸਾਰੂ ਅਤੇ ਸੁਖਾਵਾਂ ਮਾਹੌਲ ਪ੍ਰਦਾਨ ਕਰਨ ਲਈ ਸੰਸਥਾ ਦੀ ਵਚਨਬੱਧਤਾ ਦਾ ਜ਼ਿਕਰ ਕੀਤਾ। ਇਸ ਸ਼ਾਨਦਾਰ ਸਮਾਗਮ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਸਟੇਜ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਆਈਟਮਾਂ ਬੜੇ ਸੱਭਿਆਚਾਰਕ ਢੰਗ ਨਾਲ ਪੇਸ਼ ਕੀਤੀਆਂ ਗਈਆਂ। ਸਟਾਫ ਦੀ ਅਗਵਾਈ ਹੇਠ ਤਿਆਰ ਕਰਵਾਈਆਂ ਗਈਆਂ ਇਨ੍ਹਾਂ ਪੇਸ਼ਕਾਰੀਆਂ ਵਿੱਚ ਲਗਭਗ ਸਾਰੀਆਂ ਹੀ ਕਲਾਸਾਂ ਦੀਆਂ ਲੜਕੀਆਂ ਦੁਆਰਾ ਗਿੱਧਾ, ਕੋਰੀਓਗਰਾਫੀ, ਗੀਤ, ਗਰੁੱਪ ਗੀਤ, ਸਕਿੱਟਾਂ ਅਤੇ ਮਾਡਲਿੰਗ ਵਰਗੀਆਂ ਵੰਨਗੀਆਂ ਪੇਸ਼ ਕਰ ਕੇ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਪ੍ਰਭਜੀਤ, ਸੀਮਾ, ਅਰਸ਼ਪ੍ਰੀਤ ਅਤੇ ਗਗਨਦੀਪ ਨੇ ਵਧੀਆ ਢੰਗ ਨਾਲ ਨਿਭਾਈ। ਸਪੈਸ਼ਲ ਪ੍ਰਾਪਤੀਆਂ ਵਾਲੀਆਂ ਵਿਦਿਆਰਥਣਾਂ ਨੂੰ ਇਸ ਮੌਕੇ ਸਨਮਾਨਿਤ ਵੀ ਕੀਤਾ ਗਿਆ। ਸੰਸਥਾ ਦੀ ਮੈਨੇਜਮੈਂਟ ਵੱਲੋਂ ਵਿਦਿਆਰਥਣਾਂ ਦੀ ਰੈਫਰੈੱਸ਼ਮੈਂਟ ਵਾਸਤੇ ਸਪੈਸ਼ਲ ਅਤੇ ਵੱਖ-ਵੱਖ ਕਿਸਮ ਦੇ ਖਾਣ-ਪੀਣ ਵਾਲੇ ਸਨੈਕਸ ਅਤੇ ਪਕਵਾਨਾਂ ਦੀਆਂ ਵਿਸ਼ੇਸ਼ ਸਟਾਲਾਂ ਲਗਵਾਈਆਂ ਗਈਆਂ ਸਨ। ਕਾਲਜ ਦਾ ਸਾਰਾ ਸਟਾਫ ਇਸ ਮੌਕੇ ਹਾਜ਼ਰ ਸਨ।