ਅੰਗਹੀਣ ਵਰਗ ਦੀਆਂ ਹੱਕੀ ਮੰਗਾਂ ਹੱਲ ਨਾ

-ਮਸਲੇ ਹੱਲ ਨਾ ਹੋਣ 'ਤੇ ਸੰਘਰਸ਼ ਹੋਰ ਤੇਜ਼ ਕਰਨ ਦੀ ਦਿੱਤੀ ਚਿਤਾਵਨੀ
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਅੰਗਹੀਣ ਵਰਗ ਦੀਆਂ ਹੱਕੀ ਮੰਗਾਂ ਹੱਲ ਨਾ ਕਰਨ ਦੇ ਰੋਸ ਵਿੱਚ ਫ਼ਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਬਲਾਕ ਇਕਾਈ ਸਰਦੂਲਗੜ੍ਹ ਵੱਲੋਂ ਸਥਾਨਕ ਬੱਸ ਅੱਡੇ ਲਾਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਅਨਾਜ਼ ਮੰਡੀ ਵਿਖੇ ਇਕੱਤਰ ਹੋਏ ਅੰਗਹੀਣਾਂ ਨੇ ਬੱਸ ਅੱਡੇ ਤੱਕ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਪ੍ਰਦਰਸ਼ਨਕਾਰੀ ਅੰਗਹੀਣ ਸਰਕਾਰ ਨੂੰ ਲਾਹਨਤਾਂ ਪਾਉਂਦੇ ਹੋਏ ਕਹਿ ਰਹੇ ਸਨ ਕਿ ਪਹਿਲਾਂ ਹੀ ਕੁਦਰਤ ਦੇ ਮਾਰਿਆ ਨੂੰ ਹੁਣ ਪੰਜਾਬ ਸਰਕਾਰ ਨੇ ਵੀ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ ਅਤੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਤਾਂ ਪੂਰੀਆਂ ਕਰਨੀਆਂ ਹੀ ਕੀ ਸਨ, ਸਗੋਂ ਖੁਦ ਦਿਵਿਆਂਗਾਂ ਨੂੰ ਦਿੱਤੀ ਗਾਰੰਟੀ ਵੀ ਪੂਰੀ ਨਹੀਂ ਕੀਤੀ। ਇਸ ਦੌਰਾਨ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਜਿਲ੍ਹਾ ਪ੍ਧਾਨ ਅਵਿਨਾਸ਼ ਸ਼ਰਮਾਂ, ਬਲਾਕ ਪ੍ਰਧਾਨ ਅਸੀਮ ਗੋਇਲ ਅਤੇ ਸੁਨੀਲ ਮਸੀਹ ਨੇ ਦੋਸ਼ ਲਗਾਇਆ ਕਿ ‘ਆਪ’ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸਾਲ 2022 ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਰਕਾਰ ਬਣਨ ਸਾਰ ਦਿਵਿਾਂਗ ਵਰਗ ਦੇ ਪੜ੍ਹੇ ਲਿਖੇ ਵਿਅਕਤੀਆਂ ਨੂੰ ਸਰਕਾਰੀ ਨੌਕਰੀਆਂ ਦੇਣ, ਪੱਚੀ ਸੌ ਰੁਪਏ ਮਾਸਿਕ ਪੈਨਸ਼ਨ ਦੇਣ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਲਈ ਲੁੜੀਂਦੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਾਅਦੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਦਾ ਚਾਰ ਸਾਲਾਂ ਦੌਰਾਨ ਦਿਵਿਆਂਗਾਂ ਲਈ ਖ਼ਜ਼ਾਨਾ ਖਾਲੀ ਹੀ ਰਿਹਾ ਹੈ। ਇਸ ਦੌਰਾਨ ਸਰਕਾਰ ਵੱਲੋਂ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਇੱਕ ਵੀ ਸਹੂਲਤ ਉਨ੍ਹਾਂ ਨੂੰ ਨਹੀਂ ਦਿੱਤੀ ਗਈ। ਇਸ ਕਾਰਨ ਸੂਬੇ ਦੇ ਦਿਵਿਆਂਗਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਦਿਵਿਆਂਗ ਮਾਰੂ ਨੀਤੀਆਂ ਕਾਰਨ ਉਨ੍ਹਾਂ ਦਾ ਜੀਵਨ ਬਦ ਤੋਂ ਬਦਤਰ ਹੋ ਰਿਹਾ ਹੈ। ਇਸ ਕਾਰਨ ਦਿਵਿਆਂਗਾਂ 'ਚ ਸੂਬਾ ਸਰਕਾਰ ਪ੍ਤੀ ਗੁੱਸਾ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਉਨ੍ਹਾਂ ਨੂੰ ਲਗਾਤਾਰ ਲਾਰੇ ਲਾ ਕੇ ਖੱਜਲ-ਖੁਆਰ ਤੇ ਜ਼ਲੀਲ ਕਰ ਰਹੀ ਹੈ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੱਚੀ ਸੌ ਰੁਪਏ ਮਾਸਿਕ ਪੈਨਸ਼ਨ, ਪੜ੍ਹੇ ਲਿਖੇ ਅੰਗਹੀਣਾਂ ਨੂੰ ਯੋਗਤਾ ਅਧਾਰ ਤੇ ਸਰਕਾਰੀ ਨੌਕਰੀਆਂ ਦੇਣ ਸਮੇਤ ਉਨ੍ਹਾਂ ਦੇ ਜੀਵਨ ਲਈ ਲੁੜੀਂਦੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਦਾ ਤੁਰੰਤ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਕੁਝ ਦਿਨਾਂ ਅੰਦਰ ਇਕ ਹੋਰ ਮੀਟਿੰਗ ਕਰਕੇ ਸਰਕਾਰ ਵਿਰੁੱਧ ਸਖਤ ਐਕਸ਼ਨ ਉਲੀਕਿਆ ਜਾਵੇਗਾ। ਇਸ ਮੌਕੇ ਸੁਖਜੀਤ ਸਿੰਘ ਘੁੱਦੂਵਾਲਾ, ਕਪਿਲ ਕੁਮਾਰ, ਜਸਮੇਰ ਭੱਟੀ, ਸੁਰਜਨ ਸਿੰਘ ਬੁਢਲਾਡਾ, ਕਸ਼ਮੀਰ ਸਿੰਘ, ਗੁਰਦੀਪ ਇੰਸਾ, ਮੰਗਲ ਝੰਡਾ ਖੁਰਦ, ਨਰਿੰਦਰ ਝੰਡਾ ਕਲਾਂ, ਜਗਦੀਸ਼ ਕੁਮਾਰ, ਕਮਲ ਕੁਮਾਰ ਖੈਰਾ ਖੁਰਦ, ਬਲਵੀਰ ਸਿੰਘ ਡੂੰਮ, ਇੰਦਰਜੀਤ ਸਿੰਘ, ਭੋਲਾ ਸਿੰਘ, ਦੀਪਾ ਸਿੰਘ, ਹੇਮਾਨ ਰਾਜ, ਮਨੋਜ ਚੋਪੜਾ, ਕੁਲਦੀਪ ਸਿੰਘ, ਭੂਰਾ ਸਿੰਘ, ਕੁਲਵੰਤ ਸਿੰਘ ਫੂਸ ਮੰਡੀ, ਸਤਿਨਾਮ ਸਿੰਘ, ਗੁਰਜੰਟ ਸਿੰਘ, ਗਗਨ ਸਿੰਘ ਆਦਿ ਮੌਜੂਦ ਸਨ।