ਵਕੀਲ ਦਿਲਜੋਤ ਦੀ ਮਾਂ ਵੱਲੋਂ ਸੀਪੀ ਦਫ਼ਤਰ ਅੱਗੇ ਧਰਨਾ 2 ਨੂੰ
ਲੁਧਿਆਣਾ ਲਲਕਾਰ ਗਰੁੱਪ
Publish Date: Tue, 17 Feb 2026 07:50 PM (IST)
Updated Date: Wed, 18 Feb 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਲੁਧਿਆਣਾ ਲਲਕਾਰ ਗਰੁੱਪ ਨਾਲ ਸੰਬੰਧਿਤ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਦੇ ਕਾਰਨਾਂ ਦੀ ਨਿਰਪੱਖ ਜਾਂਚ ਕਰਵਾਉਣ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਬਣੀ ਐਕਸ਼ਨ ਕਮੇਟੀ ਵੱਲੋਂ ਲੁਧਿਆਣਾ ਵਿਚ ਹੰਗਾਮੀ ਮੀਟਿੰਗ ਕਰਕੇ ਪੁਲਿਸ ‘ਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਦੇ ਦੋਸ਼ ਲਾਏ। ਦਿਲਜੋਤ ਦੀ ਮਾਤਾ ਵੀਰਪਾਲ ਕੌਰ ਤੇ ਐਕਸ਼ਨ ਕਮੇਟੀ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਖਿਲਾਫ਼ ਸ਼ਹਿਰ ਵਿੱਚ ਮਾਰਚ ਕਰਕੇ 2 ਮਾਰਚ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਧਰਨਾ ਦੇਣ ਦਾ ਐਲਾਨ ਕੀਤਾ ਹੈ। ਦਿਲਜੋਤ ਦੀ ਮਾਤਾ ਵੀਰਪਾਲ ਕੌਰ ,ਐਕਸ਼ਨ ਕਮੇਟੀ ਦੇ ਆਗੂਆਂ ਸੀਪੀਆਈ ਐਮਐਲ ਲਿਬਰੇਸ਼ਨ ਦੇ ਸੁਖਦਰਸ਼ਨ ਨੱਤ, ਇੰਟਰਨੈਸ਼ਨਲ ਡੈਮੋਕ੍ਰੇਟਿਕ ਪਲੇਟਫ਼ਾਰਮ ਦੇ ਕਰਨੈਲ ਸਿੰਘ ਜਖੇਪਲ ,ਆਰਐਮਪੀ ਆਈ ਦੇ ਪ੍ਰੋਫ਼ੈਸਰ ਜੈਪਾਲ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਰਣਵੀਰ ਸਿੰਘ ਕੁਰੜ, ਇਸਤਰੀ ਜਾਗ੍ਰਿਤੀ ਮੰਚ ਦੇ ਜਸਵੀਰ ਕੌਰ ,ਏਕਟੂ ਦੇ ਜੈ ਪ੍ਰਕਾਸ਼ ਨਰਾਇਣ, ਪਰਿਵਾਰਕ ਮੈਂਬਰ ਸ਼ਿਵਜੀ ਰਾਮ ਨੇ ਕਿਹਾ ਕਿ ਮੌਤ ਹੋਈ ਨੂੰ ਤਰੀਬਨ ਡੇਢ ਮਹੀਨਾ ਬੀਤ ਚੁੱਕਿਆ ਹੈ ਪਰ ਪੁਲਿਸ ਵੱਲੋਂ ਨਾ ਤਾਂ ਲਿਖਾਈ ਦਾ ਮਿਲਾਨ ਕਰਵਾਇਆ ਤੇ ਨਾ ਹੀ ਮੌਤ ਵੇਲੇ ਪਾਏ ਕੱਪੜੇ ਜਾਂਚ ਲਈ ਭੇਜੇ ਗਏ। ਪੁਲਿਸ ਵੱਲੋਂ ਨਾ ਤਾਂ ਬਿਸਰਾ ਰਿਪੋਰਟ ਮੰਗਵਾਈ ਹੈ। ਪੁਲਿਸ ਵੱਲੋਂ ਜਾਣ-ਬੁੱਝ ਕੇ ਜਾਂਚ ਨੂੰ ਲਮਕਾਇਆ ਜਾ ਰਿਹਾ ਹੈ। ਐਫ਼ਆਈਆਰ ਵੀ ਤਕਰੀਬਨ ਇੱਕ ਮਹੀਨੇ ਬਾਅਦ ਕੀਤੀ ਸੀ, ਪਰ ਐਫ਼ਆਈਆਰ ਤੋਂ ਜਾਂਚ ਨੂੰ ਅੱਗੇ ਨਹੀਂ ਵਧਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।