ਸਰਕਾਰੀ ਹਾਈ ਸਕੂਲ ਦੋਦੜਾ ਵਿਖੇ ਸੰਖੇਪ

-ਮਨਪ੍ਰੀਤ ਕੌਰ ਨੇ ਆਈਪੀਐੱਸ ਅਧਿਕਾਰੀ ਦੇ ਅਹੁਦੇ ਤੱਕ ਪੁੱਜਣ ਬਾਰੇ ਤਜਰਬੇ ਕੀਤੇ ਸਾਂਝੇ
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ
ਸਰਕਾਰੀ ਹਾਈ ਸਕੂਲ ਦੋਦੜਾ ਵਿਖੇ ਸੰਖੇਪ ਸਾਲਾਨਾ ਸਮਾਗਮ ਦੌਰਾਨ ਯੂਪੀਐੱਸਸੀ ਦੀ ਸਿਵਲ ਸਰਵਿਸ ਪ੍ਰੀਖਿਆ ਵਿੱਚ ਦੇਸ਼ ਭਰ 'ਚੋਂ 136ਵਾਂ ਰੈਂਕ ਹਾਸਲ ਕਰਨ ਵਾਲ਼ੀ ਪੰਜਾਬ ਦੀ ਮਾਣਮੱਤੀ ਧੀ ਮਨਪ੍ਰੀਤ ਕੌਰ ਸਪੁੱਤਰੀ ਸੁਖਦੇਵ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ । ਪਿੰਡ ਧਲੇਵਾਂ ਵਿਖੇ ਸਧਾਰਨ, ਪੇਂਡੂ ਤੇ ਕਿਸਾਨੀ ਪਰਿਵਾਰ ਵਿੱਚ ਜੰਮਪਲ ਇਸ ਧੀ ਦੀ ਨਿਯੁਕਤੀ ਜਲਦ ਹੀ ਆਈ.ਪੀ.ਐੱਸ. ਅਫ਼ਸਰ ਵਜੋਂ ਹੋਣੀ ਹੈ । ਇਹਨਾਂ ਦਾ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ । ਮਨਪ੍ਰੀਤ ਕੌਰ ਦੁਆਰਾ ਸਕੂਲ ਦੇ ਬੱਚਿਆਂ ਨਾਲ਼ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕਰਕੇ ਆਈ.ਏ.ਐਸ., ਆਈ.ਪੀ.ਐਸ., ਆਈ.ਐਫ.ਐਸ ਅਧਿਕਾਰੀ ਬਣਨ ਬਾਰੇ ਪੇ੍ਰਨਾਦਾਇਕ ਜਾਣਕਾਰੀ ਦਿੱਤੀ ਗਈ ਅਤੇ ਆਪਣੇ ਦੁਆਰਾ ਆਈਪੀਐੱਸ ਅਧਿਕਾਰੀ ਦੇ ਅਹੁਦੇ ਤੱਕ ਪਹੁੰਚਣ ਬਾਰੇ ਤਜ਼ਰਬਾ ਵੀ ਸਾਂਝਾ ਕੀਤਾ ਗਿਆ । ਇਹਨਾਂ ਕਿਹਾ ਕਿ ਹਰ ਬੱਚੇ ਦੁਆਰਾ ਆਪਣੇ ਮਿਥੇ ਟੀਚੇ ਨੂੰ ਹਾਸਲ ਕਰਨ ਲਈ ਦ੍ਰਿੜਤਾ, ਲਗਾਤਾਰਤਾ ਤੇ ਸਮਰਪਣ ਭਾਵਨਾ ਨਾਲ਼ ਪੜੵਾਈ ਕਰਨੀ ਬਹੁਤ ਜ਼ਰੂਰੀ ਹੈ ਅਤੇ ਵੱਡੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਸਕੂਲ ਸਮੇਂ ਤੋਂ ਯੋਜਨਾਬੱਧ ਤਰੀਕੇ ਨਾਲ਼ ਪੜੵਨਾ ਚਾਹੀਦਾ ਹੈ।
ਸਕੂਲ ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਕਿਹਾ ਕਿ ਸਧਾਰਨ ਕਿਸਾਨੀ ਪਰਿਵਾਰ ਵਿੱਚ ਜੰਮਪਲ ਮਨਪ੍ਰੀਤ ਕੌਰ ਦੁਆਰਾ ਯੂ਼ਪੀਐੱਸਸੀ ਪ੍ਰੀਖਿਆ ਪਾਸ ਕਰਨ ਨਾਲ ਜਿੱਥੇ ਮਾਨਸਾ ਜ਼ਿਲ੍ਹੇ ਦੇ ਨੌਜਵਾਨਾਂ ਅੰਦਰ ਨਵਾਂ ਜੋਸ਼, ਜਜ਼ਬਾ ਅਤੇ ਜਨੂੰਨ ਪੈਦਾ ਹੋਵੇਗਾ, ਉੱਥੇ ਸਕੂਲ ਦੇ ਬੱਚੇ ਵੀ ਪ੍ਰੇਰਿਤ ਹੋਣਗੇ। ਸਰਪੰਚ ਮਹਿੰਦਰ ਕੌਰ ਨੇ ਕਿਹਾ ਕਿ ਛੋਟੀ ਉਮਰੇ ਆਈਪੀਐੱਸ ਦੇ ਅਹੁਦੇ ਤੱਕ ਪਹੁੰਚਣ ਵਾਲ਼ੀ ਮਾਣਮੱਤੀ ਧੀ ਮਨਪ੍ਰੀਤ ਕੌਰ ਨੂੰ ਸਕੂਲ ਦੇ ਬੱਚਿਆਂ ਨਾਲ ਰੂਬਰੂ ਕਰਵਾਉਣ ਦਾ ਪ੍ਰੋਗਰਾਮ ਵਾਕਈ ਪੇ੍ਰਣਾਦਾਇਕ, ਸ਼ਲਾਘਾਯੋਗ ਅਤੇ ਸਾਰਥਿਕ ਉਪਰਾਲਾ ਹੈ। ਇਸ ਮੌਕੇ ਸਕੂਲ ਦੇ ਬੱਚਿਆਂ ਦੁਆਰਾ ਸ਼ਾਨਦਾਰ ਸੰਗੀਤਕ ਪੇਸ਼ਕਾਰੀਆਂ ਕੀਤੀਆਂ ਗਈਆਂ। ਸਟੇਜ ਸਕੱਤਰ ਦੀ ਭੂਮਿਕਾ ਅਧਿਆਪਕਾ ਬੱਬੂ ਬਾਂਸਲ, ਵੀਨਾ, ਸੀਮਾ ਸਿੰਗਲਾ ਅਤੇ ਨਵਨੀਤ ਬਾਂਸਲ ਦੁਆਰਾ ਬਾਖ਼ੂਬੀ ਨਿਭਾਈ ਗਈ।
ਇਸ ਤੋਂ ਬਾਅਦ ਮੁੱਖ ਮਹਿਮਾਨ ਤੇ ਹਾਜ਼ਰ ਸਖ਼ਸ਼ੀਅਤਾਂ ਦੁਆਰਾ ਸਕੂਲ ਦੇ ਸਲਾਨਾ ਇਮਤਿਹਾਨ, ਐੱਨਐੱਮਐੱਮਐੱਸ,ਖੇਡਾਂ ਅਤੇ ਸਹਿ ਅਕਾਦਮਿਕ ਖੇਤਰ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਾਲ਼ੇ ਵਿਦਿਆਰਥੀ ਸਨਮਾਨਿਤ ਕੀਤੇ ਗਏ । ਸਮਾਰੋਹ ਦੇ ਅੰਤ ਵਿੱਚ ਮਨਪ੍ਰੀਤ ਕੌਰ, ਇਹਨਾਂ ਦੇ ਪਿਤਾ ਸੁਖਦੇਵ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਨੂੰ ਸਕੂਲ ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ , ਅਧਿਆਪਕ ਗਗਨਦੀਪ, ਗੁਰਪ੍ਰੀਤ ਸਿੰਘ, ਨਵਨੀਤ ਬਾਂਸਲ, ਮਨਦੀਪ ਕੁਮਾਰ, ਵੀਨਾ, ਸੀਮਾ ਸਿੰਗਲਾ, ਅੰਮ੍ਰਿਤਪਾਲ ਕੌਰ, ਮੰਜੂ ਬਾਲਾਪੁਰੀ, ਪਰਮਿੰਦਰ ਕੌਰ , ਜਗਵਿੰਦਰ ਕੌਰ ,ਮਲਕੀਤ ਕੌਰ, ਬੱਬੂ ਬਾਂਸਲ, ਕਰਮਜੀਤ ਕੌਰ, ਪ੍ਰਭਜੋਤ ਕੌਰ, ਹਰਮੀਤ ਕੌਰ ਸੇਖੋਂ, ਸਰਪੰਚ ਮਹਿੰਦਰ ਕੌਰ, ਸਮੂਹ ਮੈਂਬਰ ਗ੍ਰਾਮ ਪੰਚਾਇਤ, ਚੇਅਰਮੈਨ ਰਣਜੀਤ ਸਿੰਘ, ਸਮੂਹ ਮੈਨੇਜਮੈਂਟ ਕਮੇਟੀ ਮੈਂਬਰ ਦੁਆਰਾ ਸਨਮਾਨਿਤ ਕੀਤਾ ਗਿਆ।