ਕਣਕ ਦੇ ਖ਼ਰੀਦ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨ ਵਾਲਿਆਂ ਦੀ ਡੀਸੀ ਵੱਲੋਂ ਸ਼ਲਾਘਾ
ਜ਼ਿਲ੍ਹਾ ਮਾਨਸਾ ਦੀਆਂ ਅਨਾਜ ਮੰਡੀਆਂ ਵਿੱਚ ਕਣਕ
Publish Date: Mon, 11 May 2026 07:05 PM (IST)
Updated Date: Tue, 12 May 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ. ਮਾਨਸਾ : ਜ਼ਿਲ੍ਹਾ ਮਾਨਸਾ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦਾ ਸਮੁੱਚਾ ਕਾਰਜ ਸਫ਼ਲਤਾ ਨਾਲ ਨੇਪਰੇ ਚੜ੍ਹਾਇਆ ਜਾ ਚੁੱਕਿਆ ਹੈ। ਡੀਸੀ ਨਵਜੋਤ ਕੌਰ ਆਈਏਐੱਸ ਨੇ ਖ਼ਰੀਦ ਕਾਰਜਾਂ ਨਾਲ ਸਬੰਧਿਤ ਸਾਰੇ ਹੀ ਵਿਭਾਗਾਂ, ਕਿਸਾਨਾਂ ਸਮੇਤ ਵਰਗਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀਆਂ ਵਿੱਚੋਂ ਇਸ ਵਾਰ ਕੁੱਲ੍ਹ 6 ਲੱਖ 40 ਹਜ਼ਾਰ ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ, ਜਿਸ ਵਿੱਚੋਂ 6 ਲੱਖ 33 ਹਜ਼ਾਰ ਮੀਟ੍ਰਿਕ ਟਨ ਖ਼ਰੀਦ ਕੇਵਲ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਮਹਿਜ਼ 3 ਹਜ਼ਾਰ 180 ਮੀਟਰਕ ਟਨ ਜਿਣਸ ਹੀ ਖਰੀਦੀ। ਉਨ੍ਹਾਂ ਦੱਸਿਆ ਕਿ ਸਰਕਾਰੀ ਏਜੰਸੀ ਪਨਗਰੇਨ ਖਰੀਦ ਵਿੱਚ ਮੋਹਰੀ ਰਹੀ, ਜਿਸ ਵੱਲੋਂ 2 ਲੱਖ ਮੀਟਰਕ ਟਨ ਤੋਂ ਵੱਧ ਕਣਕ ਖਰੀਦੀ ਗਈ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਕਿਸਾਨਾਂ ਨੂੰ ਖਰੀਦੀ ਗਈ ਕਣਕ ਦੀ 1650 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਦਿਆਂ ਸਮੁੱਚੇ ਕੰਮ ਸਫ਼ਲਤਾ ਨਾਲ ਨੇਪਰੇ ਚੜ੍ਹਾਏ ਗਏ। ਉਨ੍ਹਾਂ ਨੇ ਸਮੁੱਚੀ ਖਰੀਦ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਲਈ ਸਹਿਯੋਗ ਦੇਣ ਲਈ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਟਰਾਂਸਪੋਰਟਰਾਂ ਦੇ ਨਾਲ ਨਾਲ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ ਹੈ।