‘ਆਸ਼ਾ ਦਿਵਸ’ 'ਤੇ ਨਿਯੁਕਤੀ ਪੱਤਰ ਦੇਣ ਦੀ ਮੰਗ
ਨਿਰੋਲ ਯੂਨੀਅਨ ਪੰਜੋਲਾ ਗਰੁੱਪ ਦੀ ਸੂਬਾ
Publish Date: Mon, 27 Apr 2026 04:32 PM (IST)
Updated Date: Tue, 28 Apr 2026 04:05 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਨਿਰੋਲ ਯੂਨੀਅਨ ਪੰਜੋਲਾ ਗਰੁੱਪ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਰਹਿਨੁਮਾਈ ਹੇਠ ਅੱਜ ਬਲਾਕ ਬੁਢਲਾਡਾ ਦੀ ਪ੍ਰਧਾਨ ਕਿਰਨਜੀਤ ਕੌਰ ਟਾਹਲੀਆਂ ਤੇ ਹੋਰ ਮੈਰਿਟ ਹੋਲਡਰ ਆਸ਼ਾ ਵਰਕਰਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ MPHW (ਫੀਮੇਲ) ਦੀਆਂ ਬਾਕੀ ਰਹਿੰਦੀਆਂ ਨਿਯੁਕਤੀਆਂ ਨੂੰ ਜਲਦ ਨੇਪਰੇ ਚਾੜ੍ਹਿਆ ਜਾਵੇ। ਆਗੂਆਂ ਨੇ ਦੱਸਿਆ ਕਿ 122 ਪੋਸਟਾਂ ਵਿੱਚੋਂ 50 ਉਮੀਦਵਾਰਾਂ ਨੂੰ ਪਹਿਲਾਂ ਹੀ ਆਰਡਰ ਦਿੱਤੇ ਜਾ ਚੁੱਕੇ ਹਨ, ਪਰ 72 ਉਮੀਦਵਾਰ ਅਜੇ ਵੀ ਆਪਣੇ ਨਿਯੁਕਤੀ ਪੱਤਰਾਂ ਦੀ ਉਡੀਕ ਵਿੱਚ ਹਨ। ਆਸ਼ਾ ਦਿਵਸ 'ਤੇ ਰੁਜ਼ਗਾਰ ਦੇ ਤੋਹਫ਼ੇ ਦੀ ਆਸ਼ਾ ਵਰਕਰਾਂ ਉਮੀਦ ਕਰ ਰਹੀਆਂ ਹਨ। ਮੈਡਮ ਪੰਜੋਲਾ ਅਤੇ ਕਿਰਨਜੀਤ ਕੌਰ ਟਾਹਲੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ 27 ਅਪ੍ਰੈਲ ਨੂੰ ਆਸ਼ਾ ਦਿਵਸ' ਮਨਾਇਆ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਭਾਵੁਕ ਅਪੀਲ ਕੀਤੀ ਕਿ ਇਸ ਦਿਨ ਨੂੰ ਹੋਰ ਵੀ ਸਪੈਸ਼ਲ ਬਣਾਉਣ ਲਈ ਬਾਕੀ ਰਹਿੰਦੇ 72 ਉਮੀਦਵਾਰਾਂ, ਜਿਨ੍ਹਾਂ ਵਿੱਚ ਮੈਰਿਟ ਹੋਲਡਰ ਆਸ਼ਾ ਵਰਕਰਾਂ ਦਾ ਕੋਟਾ ਵੀ ਸ਼ਾਮਲ ਹੈ, ਨੂੰ ਨਿਯੁਕਤੀ ਪੱਤਰ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ ਜਾਵੇ। ਇਹ ਕਦਮ ਗਰੀਬ ਪਰਿਵਾਰਾਂ ਦੀ ਰੋਜ਼ੀ-ਰੋਟੀ ਲਈ ਵੱਡਾ ਸਹਾਰਾ ਬਣੇਗਾ। ਵਿਤਕਰਾ ਖ਼ਤਮ ਕਰਨ ਦੀ ਮੰਗ ਕੀਤੀ ਕਿ ਮੈਰਿਟ ਹੋਲਡਰ ਆਸ਼ਾ ਵਰਕਰਾਂ ਮਨਜੀਤ ਕੌਰ, ਕਮਲਜੀਤ ਕੌਰ, ਗੁਰਮੀਤ ਕੌਰ ਤੇ ਜਰੀਨਾ ਨੇ ਕਿਹਾ ਕਿ ਆਸ਼ਾ ਵਰਕਰ ਸਿਹਤ ਵਿਭਾਗ ਵਿੱਚ ਦਿਨ-ਰਾਤ ਸੇਵਾਵਾਂ ਨਿਭਾਉਂਦੀਆਂ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਰਕਾਰ ਇਸ ਵਾਰ ਆਸ਼ਾ ਦਿਵਸ ਮੌਕੇ ਉਨ੍ਹਾਂ ਨੂੰ ਨਿਯੁਕਤੀ ਪੱਤਰਾਂ ਦਾ ਤੋਹਫ਼ਾ ਦੇ ਕੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਪਾਵੇਗੀ। ਯੂਨੀਅਨ ਨੇ ਆਸ ਪ੍ਰਗਟਾਈ ਹੈ ਕਿ ਮੁੱਖ ਮੰਤਰੀ ਸਾਹਿਬ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ 27 ਅਪ੍ਰੈਲ ਤੱਕ ਸਾਰੀ ਪ੍ਰਕਿਰਿਆ ਪੂਰੀ ਕਰਵਾਉਣਗੇ, ਤਾਂ ਜੋ ਜਥੇਬੰਦੀ ਨੂੰ ਸੰਘਰਸ਼ ਦਾ ਰਾਹ ਨਾ ਚੁਣਨਾ ਪਵੇ। ਇਸ ਮੌਕੇ ਮਨਜੀਤ ਕੌਰ, ਕਮਲਜੀਤ ਕੌਰ, ਗੁਰਮੀਤ ਕੌਰ, ਜਰੀਨਾ ਆਦਿ ਮੌਜੂਦ ਸਨ।