ਡੀਏਵੀ ਸਕੂਲ ’ਚ “ਲਰਨ ਟੂ ਅਰਨ” ਵਨ ’ਡੇ ਮਾਰਕੀਟ ਕਰਵਾਈ
ਡੀਏਵੀ ਸਕੂਲ ਵਿੱਚ “ਲਰਨ ਟੂ ਅਰਨ” ਦੇ ਤਹਿਤ
Publish Date: Sun, 12 Apr 2026 06:38 PM (IST)
Updated Date: Mon, 13 Apr 2026 04:14 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਡੀਏਵੀ ਸਕੂਲ ਵਿੱਚ “ਲਰਨ ਟੂ ਅਰਨ” ਦੇ ਤਹਿਤ ਵਨ ਡੇ ਮਾਰਕੀਟ ਦਾ ਆਯੋਜਨ ਕੀਤਾ ਗਿਆ। ਸਕੂਲ ਵਿੱਚ ਮੇਲੇ ਵਰਗਾ ਖੁਸ਼ੀ ਭਰਿਆ ਮਾਹੌਲ ਦੇਖਣ ਨੂੰ ਮਿਲਿਆ। 75 ਤੋਂ ਵੱਧ ਸਟਾਲ ਲਗਾਏ ਗਏ, ਜੋ ਬੱਚਿਆਂ ਨੇ ਖ਼ੁਦ ਤਿਆਰ ਕੀਤੇ ਸਨ। ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵਪਾਰ ਦੀ ਬੁਨਿਆਦੀ ਜਾਣਕਾਰੀ ਦੇਣਾ ਸੀ। ਬੱਚਿਆਂ ਨੂੰ ਸਿਖਾਇਆ ਗਿਆ ਕਿ ਪੈਸਾ ਕਿਵੇਂ ਕਮਾਇਆ ਜਾਂਦਾ ਹੈ, ਕਿਵੇਂ ਬਚਾਇਆ ਜਾਂਦਾ ਹੈ ਅਤੇ ਕਿਵੇਂ ਸਮਝਦਾਰੀ ਨਾਲ ਖਰਚ ਤੇ ਨਿਵੇਸ਼ ਕੀਤਾ ਜਾਂਦਾ ਹੈ। ਬੱਚਿਆਂ ਨੇ ਆਪਣੇ ਨਵੇਂ ਨਵੇਂ ਵਿਚਾਰਾਂ ਨਾਲ ਚੀਜ਼ਾਂ ਬਣਾਈਆਂ ਅਤੇ ਆਪਣੇ ਸਟਾਲਾਂ ’ਤੇ ਵੇਚ ਕੇ ਕਮਾਈ ਵੀ ਕੀਤੀ। ਮਾਰਕੀਟ ਵਿੱਚ ਖਾਣ ਪੀਣ ਦੀਆਂ ਚੀਜ਼ਾਂ, ਹੱਥ ਨਾਲ ਬਣੀਆਂ ਵਸਤਾਂ, ਗੇਮ ਜ਼ੋਨ ਅਤੇ ਹੋਰ ਕਈ ਆਕਰਸ਼ਕ ਸਟਾਲ ਸਨ। ਇੰਨ੍ਹਾਂ ਸਟਾਲਾਂ ‘ਚ ਬੱਚਿਆਂ ਦੀ ਮਿਹਨਤ ਅਤੇ ਰਚਨਾਤਮਕਤਾ ਸਾਫ਼ ਨਜ਼ਰ ਆਈ ਅਤੇ ਸਭ ਨੇ ਇਨ੍ਹਾਂ ਦੀ ਸ਼ਲਾਘਾ ਕੀਤੀ। ਕਾਰਜਕ੍ਰਮ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ ਲੱਕੀ ਡਰਾਅ ਵੀ ਕਰਵਾਇਆ ਗਿਆ। ਇਸ ਵਿੱਚ ਮਨੋਜ ਕੁਮਾਰ ਅਤੇ ਹਨੀ ਛਾਬੜਾ ਜੇਤੂ ਰਹੇ ਅਤੇ ਉਨ੍ਹਾਂ ਨੂੰ ਇਨਾਮ ਦਿੱਤੇ ਗਏ। ਗਰੁੱਪ ਵਨ ਵਿੱਚ ਸਟਾਲ ਨੰਬਰ. 51 ਦੇ ਭਵਿਆ ਸ਼ਰਮਾ, ਯੁਕਤੀ ਅਤੇ ਬਾਨੀ ਅਤੇ ਗਰੁੱਪ 2 ਵਿੱਚ ਸਟਾਲ ਨੰਬਰ. 5 ਦੇ ਨੂਰ ਤੇ ਸ਼ਿਵਾਂਸ਼ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ। ਇਸ ਮੌਕੇ ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਮਾਤਾ ਪਿਤਾ ਅਤੇ ਹੋਰ ਲੋਕ ਵੀ ਵੱਡੀ ਗਿਣਤੀ ਵਿੱਚ ਪਹੁੰਚੇ, ਜਿਸ ਨਾਲ ਪੂਰਾ ਮਾਹੌਲ ਖੁਸ਼ੀ ਅਤੇ ਉਤਸ਼ਾਹ ਨਾਲ ਭਰ ਗਿਆ। ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਲਈ ਬਹੁਤ ਲਾਭਦਾਇਕ ਹੁੰਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਮਿਹਨਤ ਕਰਨ, ਪੈਸੇ ਦੀ ਕਦਰ ਕਰਨ ਅਤੇ ਆਪਣੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਪ੍ਰੇਰਿਆ।