ਡੀਏਵੀ ਦੇ ਬੱਚਿਆਂ ਨੇ ਮਾਤਾ ਦਿਵਸ ’ਤੇ ਪੇਸ਼ਕਾਰੀਆਂ ਨਾਲ ਜਿੱਤਿਆ ਸਭ ਦਾ ਦਿਲ
ਡੀ.ਏ.ਵੀ. ਪਬਲਿਕ ਸਕੂਲ, ਮਾਨਸਾ ਵਿੱਚ
Publish Date: Fri, 08 May 2026 07:12 PM (IST)
Updated Date: Sat, 09 May 2026 04:12 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਡੀਏਵੀ ਪਬਲਿਕ ਸਕੂਲ ਮਾਨਸਾ ਵਿੱਚ ਮਾਤਾ ਦਿਵਸ ਸਮਾਰੋਹ ਉਤਸ਼ਾਹ, ਖੁਸ਼ੀ ਅਤੇ ਭਾਵੁਕ ਮਾਹੌਲ ਵਿੱਚ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ ‘ਤੇ ਐਲਕੇਜੀ ਤੋਂ ਦੂਜੀ ਜਮਾਤ ਤੱਕ ਦੇ ਨੰਨ੍ਹੇ ਮੁੰਨੇ ਵਿਦਿਆਰਥੀਆਂ ਨੇ ਆਪਣੀਆਂ ਸੁੰਦਰ ਪੇਸ਼ਕਾਰੀਆਂ ਰਾਹੀਂ ਮਾਵਾਂ ਪ੍ਰਤੀ ਪਿਆਰ, ਸਤਿਕਾਰ ਦੀ ਭਾਵਨਾ ਪ੍ਰਗਟ ਕੀਤੀ। ਸਮਾਰੋਹ ਦੀ ਸ਼ੁਰੂਆਤ ਗਾਇਤਰੀ ਮੰਤਰ ਨਾਲ ਹੋਈ, ਜਿਸ ਬਾਅਦ ਬੱਚਿਆਂ ਨੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਹਾਜ਼ਰੀ ਦਾ ਮਨ ਮੋਹ ਲਿਆ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਮਨਮੋਹਕ ਨਾਚ, ਭਾਵਪੂਰਨ ਕਵਿਤਾਵਾਂ ਅਤੇ ਛੋਟੇ-ਛੋਟੇ ਨਾਟਕਾਂ ਨੇ ਮਾਂ ਦੇ ਤਿਆਗ, ਮਮਤਾ ਅਤੇ ਸਮਰਪਣ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ। ਇਸ ਮੌਕੇ ਬੱਚਿਆਂ ਨੇ ਆਪਣੀਆਂ ਮਾਵਾਂ ਲਈ ਸੋਹਣੇ ਗੁਲਦਸਤੇ ਅਤੇ ਫੁੱਲ ਵੀ ਤਿਆਰ ਕੀਤੇ। ਇਸ ਤੋਂ ਇਲਾਵਾ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਧਾਈ ਕਾਰਡ ਤਿਆਰ ਕਰਕੇ ਉਨ੍ਹਾਂ ਵਿੱਚ ਮਾਂ ਲਈ ਸੋਹਣੀਆਂ ਕਵਿਤਾਵਾਂ ਅਤੇ ਪਿਆਰ ਭਰੇ ਸੰਦੇਸ਼ ਲਿਖ ਕੇ ਆਪਣਾ ਸਤਿਕਾਰ ਪ੍ਰਗਟ ਕੀਤਾ। ਸਮਾਰੋਹ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਡੇ ਸੰਸਕਾਰ ਅਤੇ ਪਰਿਵਾਰਕ ਮੁੱਲ ਅੱਜ ਵੀ ਮਜ਼ਬੂਤ ਹਨ। ਮਾਂ ਸਾਡੇ ਜੀਵਨ ਦੀ ਪਹਿਲੀ ਅਧਿਆਪਕ ਹੁੰਦੀ ਹੈ, ਜੋ ਸਾਨੂੰ ਚੰਗੇ ਸੰਸਕਾਰ, ਸਿੱਖਿਆ ਅਤੇ ਜੀਵਨ ਜਿਉਣ ਦੀ ਸਹੀ ਰਾਹ ਦਿਖਾਉਂਦੀ ਹੈ। ਸਾਨੂੰ ਹਮੇਸ਼ਾ ਆਪਣੀਆਂ ਮਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਉਪਕਾਰਾਂ ਲਈ ਸਦਾ ਆਭਾਰੀ ਰਹਿਣਾ ਚਾਹੀਦਾ ਹੈ।”