ਅਸਲੇ ਦੇ ਜ਼ੋਰ ’ਤੇ ਠੇਕਾ ਲੁੱਟਿਆ, ਤਹਿਸੀਲ ’ਚ ਅੱਠ ਵਾਰ ਚੋਰੀ, ਛੇ ਏਸੀ ਲੈ ਗਏ ਚੋਰ
ਜ਼ਿਲ੍ਹੇ ਵਿੱਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਿਆਂ ਵਿੱਚ ਜਿੱਥੇ ਲੁਟੇਰਿਆਂ ਵੱਲੋਂ ਸ਼ਰਾਬ ਦੇ ਠੇਕੇ ਤੋਂ ਹਥਿਆਰਾਂ ਦੀ ਨੋਕ ’ਤੇ ਦਾਰੂ ਲੁੱਟੀ ਗਈ, ਉੱਥੇ ਹੀ ਚੋਰਾਂ ਨੇ ਇਕ ਬੰਦ ਘਰ ਅਤੇ ਸਰਕਾਰੀ ਦਫ਼ਤਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਮਾਲ ’ਤੇ ਹੱਥ ਸਾਫ਼ ਕਰ ਦਿੱਤਾ।
Publish Date: Thu, 28 May 2026 05:23 PM (IST)
Updated Date: Thu, 28 May 2026 05:25 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹੇ ਵਿੱਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਿਆਂ ਵਿੱਚ ਜਿੱਥੇ ਲੁਟੇਰਿਆਂ ਵੱਲੋਂ ਸ਼ਰਾਬ ਦੇ ਠੇਕੇ ਤੋਂ ਹਥਿਆਰਾਂ ਦੀ ਨੋਕ ’ਤੇ ਦਾਰੂ ਲੁੱਟੀ ਗਈ, ਉੱਥੇ ਹੀ ਚੋਰਾਂ ਨੇ ਇਕ ਬੰਦ ਘਰ ਅਤੇ ਸਰਕਾਰੀ ਦਫ਼ਤਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਮਾਲ ’ਤੇ ਹੱਥ ਸਾਫ਼ ਕਰ ਦਿੱਤਾ। ਹਾਲਾਤ ਇਹ ਹਨ ਕਿ ਅਣਪਛਾਤੇ ਚੋਰਾਂ ਨੇ ਅਤੀ ਸੁਰੱਖਿਆ ਵਾਲੇ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਤਹਿਸੀਲਦਾਰ ਦਫ਼ਤਰ ਨੂੰ ਲਗਾਤਾਰ ਅੱਠ ਵਾਰ ਨਿਸ਼ਾਨਾ ਬਣਾਇਆ ਹੈ। ਲੋਕਾਂ ਵਿਚ ਚਰਚਾ ਹੈ ਕਿ ਜੇਕਰ ਸਰਕਾਰੀ ਦਫ਼ਤਰ ਹੀ ਸੁਰੱਖਿਅਤ ਨਹੀਂ ਤਾਂ ਫ਼ਿਰ ਆਮ ਲੋਕਾਂ ਦਾ ਕੀ ਬਣੇਗਾ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚੇ ਦਰਜ ਕੀਤੇ ਹਨ। ਜਾਣਕਾਰੀ ਅਨੁਸਾਰ ਥਾਣਾ ਫੂਲ ਅਧੀਨ ਆਉਂਦੇ ਪਿੰਡ ਢਿਪਾਲੀ ਵਿਖੇ ਫੁਲੇਵਾਲਾ ਰੋਡ ’ਤੇ ਬਣੇ ਇੱਕ ਸ਼ਰਾਬ ਦੇ ਠੇਕੇ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸਤਿੰਦਰ ਪਾਲ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਲੰਘੀ 25 ਮਈ ਨੂੰ ਉਹ ਠੇਕੇ ’ਤੇ ਮੌਜੂਦ ਸੀ, ਇਸ ਦੌਰਾਨ ਦੇਰ ਸ਼ਾਮ 10 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀ ਜਿਨ੍ਹਾਂ ਕੋਲ ਰਿਵਾਲਵਰ, ਕ੍ਰਿਪਾਨ ਅਤੇ ਕਾਪਾ ਸਨ, ਉੱਥੇ ਆਏ। ਮੁਲਜ਼ਮਾਂ ਨੇ ਲੋਹੇ ਦੇ ਟੀਨ ਤੋੜ ਦਿੱਤੇ ਅਤੇ ਹਥਿਆਰਾਂ ਦੇ ਜ਼ੋਰ ’ਤੇ ਡਰਾ-ਧਮਕਾ ਕੇ ਇੱਕ ਬੋਰਾ ਅਤੇ ਬੈਗ ਸ਼ਰਾਬ ਭਰ ਕੇ ਫ਼ਰਾਰ ਹੋ ਗਏ। ਪੀੜਤ ਅਨੁਸਾਰ ਲੁੱਟੀ ਗਈ ਸ਼ਰਾਬ ਦੀ ਕੀਮਤ 47 ਹਜਾਰ ਰੁਪਏ ਦੇ ਕਰੀਬ ਬਣਦੀ ਹੈ। ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਵਤਾਰ ਸਿੰਘ ਅਨੁਸਾਰ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਚੋਰੀ ਦੇ ਦੂਜੇ ਮਾਮਲੇ ਵਿੱਚ ਥਾਣਾ ਕੋਟਫੱਤਾ ਦੇ ਅਧੀਨ ਆਉਂਦੇ ਪਿੰਡ ਰਾਏਖਾਨਾ ਵਿਖੇ ਇਕ ਘਰ ’ਚੋਂ ਚੋਰੀ ਹੋਣ ਦਾ ਸਮਾਚਾਰ ਹੈ। ਸ਼ਿਕਾਇਤਕਰਤਾ ਅੰਮ੍ਰਿਤਪਾਲ ਸਿੰਘ ਵਾਸੀ ਰਾਏਖਾਨਾ ਨੇ ਦੱਸਿਆ ਕਿ ਲੰਘੀ 25 ਮਈ ਦੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਉਸ ਦੇ ਘਰ ਦੇ ਤਾਲੇ ਤੋੜ ਕੇ ਅੰਦਰੋਂ ਸੋਨੇ ਅਤੇ ਚਾਂਦੀ ਦੇ ਕੀਮਤੀ ਗਹਿਣੇ ਚੋਰੀ ਕਰ ਲਏ, ਜਿਨ੍ਹਾਂ ਦੀ ਕੁੱਲ ਕੀਮਤ ਕਰੀਬ 9 ਲੱਖ ਰੁਪਏ ਹੈ। ਇਸ ਸਬੰਧੀ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਆਮ ਲੋਕਾਂ ਦਾ ਛੱਡੋਂ ਚੋਰਾਂ ਨੇ ਤਾਂ ਅਤੀ ਸੁਰੱਖਿਆ ਵਾਲੇ ਖੇਤਰ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਸਰਕਾਰੀ ਦਫ਼ਤਰ ਨੂੰ ਵੀ ਨਹੀਂ ਬਖ਼ਸ਼ਿਆ। ਤਹਿਸੀਲ ਦਫ਼ਤਰ ਵਿਚ ਚੋਰਾਂ ਨੇ ਲਗਾਤਾਰ ਅੱਠ ਵਾਰ ਚੋਰੀ ਕੀਤੀ ਪਰ ਪੁਲਿਸ ਨੇ ਅਜੇ ਤਕ ਕੇਸ ਦਰਜ ਨਹੀ ਕੀਤਾ। ਹੁਣ ਕੇ ਦਰਜ ਕਰਵਾਉਣ ਅਤੇ ਚੋਰੀਆਂ ਰੋਕਣ ਲਈ ਤਹਿਸੀਲਦਾਰ ਨੂੰ ਪੁਲਿਸ ਵੱਲ ਪੱਤਰ ਭੇਜਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਤਹਿਸੀਲਦਾਰ ਬਠਿੰਡਾ ਵੱਲੋਂ ਭੇਜੇ ਗਏ ਪੱਤਰ ਰਾਹੀਂ ਦੱਸਿਆ ਗਿਆ ਕਿ ਤਹਿਸੀਲ ਦਫ਼ਤਰ ਵਿਖੇ ਪਿਛਲੇ 8 ਮਹੀਨਿਆਂ ਤੋਂ ਵਾਰ-ਵਾਰ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਸ਼ਿਕਾਇਤ ਮੁਤਾਬਕ ਚੋਰਾਂ ਵੱਲੋਂ ਦਫ਼ਤਰ ਵਿਖੇ ਲੱਗੇ 6 ਏਸੀ. ਦੇ ਆਊਟਡੋਰ ਯੂਨਿਟ, ਸਾਰੇ ਏਸੀ. ਦੀਆਂ ਕਾਪਰ ਦੀਆਂ ਤਾਰਾਂ ਅਤੇ ਇਕ ਪ੍ਰੋਜੈਕਟਰ ਚੋਰੀ ਕਰ ਲਿਆ ਗਿਆ ਹੈ। ਸਹਾਇਕ ਥਾਣੇਦਾਰ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਥਾਣਾ ਸਿਵਲ ਲਾਇਨ ਦੀ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਹੋਈ। ਇਸ ਤੋਂ ਪਹਿਲਾਂ ਇਸੇ ਥਾਣੇ ਅਧੀਨ ਪੈਂਦੇ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅਤੇ ਮਹਿਲਾ ਥਾਣਾ ਦੇ ਬਾਹਰੋਂ ਚੋਰ ਚਾਹ ਵਾਲੀ ਦੁਕਾਨ ਤੋਂ ਦੋ ਵਾਰ ਚੋਰੀ ਕਰਕੇ ਲੈ ਗਏ ਪਰ ਪੁਲਿਸ ਚੋਰਾਂ ਦਾ ਪਤਾ ਨਹੀ ਲਗਾ ਸਕੀ। ਇਸ ਤੋਂ ਬਾਅਦ ਉਥੇ ਹੀ ਜੂਸ ਦੀ ਦੁਕਾਨ ’ਤੇ ਚੋਰੀ ਕੀਤੀ ਗਈ ਪਰ ਪੁਲਿਸ ਨੂੰ ਅਜੇ ਤਕ ਚੋਰਾਂ ਦਾ ਪਤਾ ਨਹੀ ਲੱਗ ਸਕਿਆ।