ਪੈਟਰੋਲ ਡੀਜ਼ਲ ਗੈਸ ਅਤੇ ਸੀਐਨਜੀ ਦੇ ਰੇਟਾਂ ਵਿੱਚ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਪੈਟਰੋਲ, ਡੀਜ਼ਲ, ਗੈਸ ਤੇ ਸੀਐੱਨਜੀ ਰੇਟਾਂ ਵਿੱਚ ਪਿਛਲੇ 11 ਦਿਨਾਂ ’ਚ 10 ਰੁਪਏ ਦੇ ਕਰੀਬ ਵਾਧਾ ਹੋਣ ਨਾਲ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸ ਸੜਕਾਂ ‘ਤੇ ਉੱਤਰਦੀ ਹੋਈ ਨਜ਼ਰ ਆਈ ਤੇ ਕੇਂਦਰ ਸਰਕਾਰ ਖ਼ਿਲਾਫ਼ ਜਬਰਦਸਤ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਸਮੁੱਚੀ ਕਾਂਗਰਸ ਲੀਡਰਸ਼ਿਪ ਤੇ ਵੱਡੀ ਗਿਣਤੀ ਵਿੱਚ ਹਾਜ਼ਰੀਨ ਅਹੁਦੇਦਾਰਾਂ ਵੱਲੋਂ ਖੱਚਰ, ਰੇਹੜਿਆਂ ਤੇ ਚੜ੍ਹਕੇ ਵੱਖਰੇ ਅੰਦਾਜ਼ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਤੋਂ ਵਧਾਈਆਂ ਪੈਟਰੋਲ ਡੀਜ਼ਲ ਗੈਸ ਤੇ ਸੀਐੱਨਜੀ ਦੀਆਂ ਕੀਮਤਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅੱਛੇ ਦਿਨ ਲਿਆਉਣ ਦੇ ਵਾਅਦੇ ਕਰਦੇ ਸਨ ਪਰ ਤੇਲ ਕੀਮਤਾਂ ਅਤੇ ਰਸੋਈ ਗੈਸ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਕਰਕੇ ਆਮ ਇਨਸਾਨ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਜਿਸ ਨਾਲ ਹਰ ਵਿਅਕਤੀ ਤੇ ਆਰਥਿਕ ਬੋਝ ਵਧਿਆ ਹੈ, ਪਰ ਹੈਰਾਨੀ ਹੈ ਕਿ ਧਨਾਢ ਕੰਪਨੀਆਂ ਦੇ ਹੱਥਾਂ ਵਿੱਚ ਖੇਡਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਮ ਲੋਕਾਂ ਦਾ ਕੋਈ ਫ਼ਿਕਰ ਨਹੀਂ। ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਪਿਛਲੇ 10 ਦਿਨਾਂ ਵਿੱਚ ਬੇਤਹਾਸ਼ਾ ਵਾਧਾ ਕੀਤਾ ਗਿਆ ਹੈ, ਜਿਸ ਨੇ ਆਮ ਇਨਸਾਨ ਦਾ ਵੀ ਲੱਕ ਤੋੜ ਕੇ ਰੱਖ ਦਿੱਤਾ ਇਸ ਨਾਲ ਆਉਂਦੇ ਦਿਨਾਂ ਵਿੱਚ ਮਹਿੰਗਾਈ ਹੋਰ ਵਧਦੀ ਹੋਈ ਨਜ਼ਰ ਆਏਗੀ ਕਿਉਂਕਿ ਟ੍ਰਾਂਸਪੋਰਟਾਂ ਤੇ ਵੀ ਬੋਝ ਪਿਆ ਹੈ, ਦੋਪਈਆ ਵਾਹਨ ਚਾਲਕਾਂ ਤੇ ਬੋਝ ਪਿਆ ਹੈ, ਰੋਜ਼ ਦੀ ਦਿਹਾੜੀ ਕਰਨ ਵਾਲੇ ਵਿਅਕਤੀਆਂ ਤੇ ਵੀ ਆਰਥਿਕ ਬੋਝ ਵਧਿਆ ਹੈ ,ਜੋ ਕਾਂਗਰਸ ਇਸਦੀ ਨਿਖੇਧੀ ਕਰਦੀ ਹੈ ਤੇ ਮੰਗ ਕਰਦੀ ਹੈ ਇਹ ਤੇਲ ਕੀਮਤਾਂ ਰੱਦ ਹੋਣ। ਵੱਡੀ ਗਿਣਤੀ ’ਚ ਹਾਜ਼ਰੀ ਕਾਂਗਰਸੀ ਆਗੂਆਂ ਨੇ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਹਨਾਂ ਤੇਲ ਕੀਮਤਾਂ ਤੇ ਰਸੋਈ ਗੈਸ ਕੀਮਤਾਂ ਦੇ ਵਾਧੇ ਖਿਲਾਫ ਦੇ ਲੋਕ ਸਭਾ ਸੈਸ਼ਨ ’ਚ ਵੀ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਕੇ ਕੇ ਅਗਰਵਾਲ, ਅਸ਼ੋਕ ਕੁਮਾਰ, ਅਰੁਣ ਵਧਾਵਣ, ਬਲਵੰਤ ਰਾਏ ਨਾਥ, ਕਿਰਨਜੀਤ ਸਿੰਘ ਗਹਿਰੀ, ਜ਼ਿਲ੍ਹਾ ਮੀਤ ਪ੍ਰਧਾਨ ਅਤੇ ਪ੍ਰੈਸ ਮੀਡੀਆ ਇੰਚਾਰਜ ਰੁਪਿੰਦਰ ਬਿੰਦਰਾ, ਇੰਜ ਰੂਪਿੰਦਰ ਪਾਲ ਸਿੰਘ ਕੋਟ ਭਾਈ, ਨਰੇਸ਼ ਗਰਗ, ਬਾਜ਼ਾਰ ਪ੍ਰਧਾਨ ਮਾਧਵ ਸ਼ਰਮਾ, ਬਲਜੀਤ ਸਿੰਘ ਇੰਜੀਨੀਅਰ, ਰਾਜਨ ਦੀਪ ਸਿੰਘ, ਨੱਥੂ ਰਾਮ, ਨਰਿੰਦਰ ਸਿੱਧੂ, ਗੁਰਜੰਟ ਸਿੰਘ, ਸੁਨੀਲ ਕੁਮਾਰ, ਰਮਨ ਢਿੱਲੋਂ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਜ਼ ਤੇ ਅਹੁਦੇਦਾਰ ਹਾਜ਼ਰ ਸਨ।