ਕਾਮਰੇਡ ਕਾਕਾ ਸਿੰਘ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਕਾਮਰੇਡ ਕਾਕਾ ਸਿੰਘ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ ਤੇ ਸ਼੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ, ਵਪਾਰਕ, ਰਾਜਸੀ ਤੇ ਜਨਤਕ ਆਗੂਆਂ ਵੱਲੋਂ ਗਊਸ਼ਾਲਾ ਭਵਨ ਬਲਾਕ ਏ ਮਾਨਸਾ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਕਾਮਰੇਡ ਕਾਕਾ ਸਿੰਘ ਦਾ ਜਨਮ ਪਿਤਾ ਰੂਪ ਰਾਮ ਤੇ ਮਾਤਾ ਸੋਧਾਂ ਦੇਵੀ ਕੁੱਖੋਂ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਕਾਕਾ ਸਿੰਘ ’ਤੇ ਛੋਟੀ ਉਮਰ ਵਿੱਚ ਜ਼ਿੰਮੇਵਾਰੀਆਂ ਗਲ ਪੈ ਗਈਆਂ। ਹੱਥੀਂ ਕਿਰਤ ਨੂੰ ਪਹਿਲ ਦਿੰਦਿਆਂ ਮਾਲ ਗੁਦਾਮ ਤੇ ਲੇਬਰ ਦੇ ਕੰਮ ਤੋਂ ਜ਼ਿੰਦਗੀ ਦਾ ਸੰਘਰਸ਼ ਆਰੰਭਿਆ। ਸਾਥੀਆਂ ਨਾਲ ਮਿਲ ਕੇ 1-12-1983 ਠੇਕੇਦਾਰਾਂ ਦੀ ਲੁੱਟ ਤੇ ਪੂਰਾ ਮਿਹਨਤਾਨਾ ਨਾ ਮਿਲਣ ਕਰ ਕੇ ਐੱਫਸੀਆਈ ਪੱਲੇਦਾਰ ਯੂਨੀਅਨ ਏਟਕ ਜਥੇਬੰਦੀ ਦਾ ਗਠਨ ਕੀਤਾ। ਉਹ ਸੰਘਰਸ਼ਸ਼ੀਲ ਸਨ। ਕਿਉਂਕਿ ਮਾਨਸਾ ਪਿੰਡ ਰਹਿੰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦਾ ਜਨਤਕ ਪ੍ਰਭਾਵ ਹੋਣ ਕਰ ਕੇ ਪਾਰਟੀ ਨਾਲ ਦਿਲੀ ਹਮਦਰਦੀ ਬਣੀ ਹੋਈ ਸੀ ਅਤੇ ਪਾਰਟੀ ਲੀਡਰਸ਼ਿਪ ਕਾਮਰੇਡ ਬੂਟਾ ਸਿੰਘ ਉਸ ਸਮੇਂ ਐੱਮਐੱਲਏ ਹੋਣ ਕਾਰਨ ਜਥੇਬੰਦੀ ਦੀ ਮਜ਼ਬੂਤੀ ਤੇ ਬਿਹਤਰੀ ਲਈ ਪੂਰਾ ਸਹਿਯੋਗ ਕਰ ਰਹੇ ਸਨ। ਜਿਸ ਕਾਰਨ ਉਸੇ ਸਮੇਂ ਪੂਰੀ ਜਥੇਬੰਦੀ ਨੂੰ ਨਾਲ ਲੈ ਕੇ ਪਾਰਟੀ ਦੇ ਮੁੱਢਲੇ ਮੈਂਬਰ ਬਣੇ ਅਤੇ ਜ਼ਿੰਦਗੀ ਭਰ ਲਾਲ ਝੰਡੇ ਨੂੰ ਬੁਲੰਦ ਕਰਨ ਲਈ ਤਤਪਰ ਰਹੇ।
ਜਥੇਬੰਦੀ ਤੇ ਪਾਰਟੀ ਨੂੰ ਆਪਣਾ ਪਰਿਵਾਰ ਮੰਨਦਿਆਂ ਸਾਥੀ ਨੇ ਅਣਗਿਣਤ ਸੰਘਰਸ਼ਾਂ ਦੀ ਅਗਵਾਈ ਕੀਤੀ ਅਤੇ ਅਨੇਕਾਂ ਵਾਰ ਕਿਰਤੀਆਂ ਦੇ ਹੱਕਾਂ ਲਈ ਗ੍ਰਿਫ਼ਤਾਰੀਆਂ ਦਿੱਤੀਆਂ। ਜਥੇਬੰਦੀ ਵਿੱਚ ਲੇਬਰ ਨੂੰ ਪੱਕੇ ਕਰਨ ਲਈ ਯਤਨਸ਼ੀਲ ਰਹੇ, ਪਲੇਟੀ ’ਤੇ ਕੰਮ ਨੂੰ ਲੈ ਕੇ ਦੂਸਰੀ ਜਥੇਬੰਦੀ ਵੱਲੋਂ ਕਲੇਮ ਕੀਤਾ ਜਾ ਰਿਹਾ ਸੀ, ਜਿਸ ਕਾਰਨ ਸਥਿਤੀ ਬੜੀ ਨਾਜ਼ੁਕ ਦੌਰ ਵਾਲ਼ੀ ਸੀ। ਲੀਡਰਸ਼ਿਪ ਦੇ ਸਹਿਯੋਗ ਤੇ ਲੰਬੇ ਸੰਘਰਸ਼ ਦੌਰਾਨ 1-4-1997 ਨੂੰ ਮਾਨਸਾ ਡਿੱਪੂ ਦੇ ਕਰੀਬ 115 ਕਾਮੇ ਪੱਕੇ ਮੁਲਾਜ਼ਮ ਬਣੇ। ਕਾਮਰੇਡ ਕਾਕਾ ਸਿੰਘ ਜਿਥੇ ਲੰਮਾ ਸਮਾਂ ਡਿਪੂ ਦੇ ਪ੍ਰਧਾਨ ਅਤੇ ਫਿਰ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਏਟਕ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਅਖ਼ੀਰ ਤਕ ਸੇਵਾਵਾਂ ਨਿਭਾਈਆਂ। ਪਾਰਟੀ ਵੱਲੋਂ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਅਤੇ ਸਨਮਾਨ ਯੋਗ ਅਹੁਦੇ ਦਿੱਤੇ ਗਏ।
ਪਾਰਟੀ ਤੇ ਜਥੇਬੰਦੀ ਦੀ ਮਜ਼ਬੂਤੀ ਤੇ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਆਗੂ ਨੇ ਪਾਰਟੀ ਨਾਲ਼ ਅਨੇਕਾਂ ਪਰਿਵਾਰਾਂ ਨੂੰ ਜੋੜਿਆ। ਪਰਿਵਾਰਕ ਤੌਰ ’ਤੇ ਪਤਨੀ ਮੁਖਤਿਆਰ ਕੌਰ, ਬੇਟੇ ਗੁਰਜੰਟ ਰਾਮ, ਅਸ਼ੋਕ ਕੁਮਾਰ ਕਾਲਾ, ਨੂੰਹਾਂ ਪੋਤੇ ਪੋਤੀਆਂ ਪੂਰੀ ਤਰ੍ਹਾਂ ਖੁਸ਼ ਹਾਲ ਹਨ। ਪਰ ਕਾਕਾ ਸਿੰਘ ਪਿਛਲੇ ਸਮੇਂ ਤੋਂ ਬਿਮਾਰ ਚਲਦੇ ਆ ਰਹੇ ਸੀ ਅਤੇ ਪਰਿਵਾਰਕ ਮੈਂਬਰਾਂ ਬੇਟੇ ਤੇ ਨੂੰਹਾਂ ਵੱਲੋਂ ਅਣਥੱਕ ਕੋਸ਼ਿਸ਼ਾਂ ’ਤੇ ਕੀਤੀ ਗਈ ਸੇਵਾ ਨੂੰ ਅਣਦੇਖਿਆਂ ਨਹੀਂ ਕੀਤਾ ਜਾ ਸਕਦਾ। ਅਖੀਰ 22 ਸਤੰਬਰ ਨੂੰ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਉਨ੍ਹਾਂ ਆਖ਼ਰੀ ਸਾਹ ਲੈਂਦਿਆਂ ਪਾਰਟੀ ਪਰਿਵਾਰ ਤੇ ਹਮਦਰਦਾਂ ਨੂੰ ਸਦਾ ਲਈ ਵਿਛੋੜਾ ਦੇ ਗਏ। ਕਾਮਰੇਡ ਕਾਕਾ ਸਿੰਘ ਨੂੰ ਅੱਜ ਸ਼ਰਧਾਂਜਲੀ ਦਿੱਤੀਆਂ ਜਾਣਗੀਆਂ।