ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਕਸਬਾ

ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਕਸਬਾ ਝੁਨੀਰ ਵਿਖੇ 24 ਫ਼ਰਵਰੀ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਹੁੰਚ ਰਹੇ ਹਨ। ਖੇਡ ਸਟੇਡੀਅਮ ਝੁਨੀਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਭਰਵੀਂ ਰੈਲੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਨੂੰ ਲੈ ਕੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਆਪਣੀਆਂ ਤਿਆਰੀਆਂ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਰੈਲੀ ਦੀ ਜਗ੍ਹਾ ਦਾ ਜਾਇਜ਼ਾ ਲੈਣ ਪਹੁੰਚੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਇਹ ਰੈਲੀ ‘ਆਪ’ ਦੀ ਇਤਿਹਾਸਿਕ ਰੈਲੀ ਹੋਵੇਗੀ। ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਖੁਸ਼ ਹੈ ਅਤੇ ਰਵਾਇਤੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ। ਇੱਕੋ ਇੱਕ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ, ਜਿਸ ਦੀ ਅਗਵਾਈ ਵਿੱਚ ਪੰਜਾਬ ਦੇ ਵੱਡੇ ਪੱਧਰ ਤੇ ਵਿਕਾਸ ਕਾਰਜ ਹੋ ਰਹੇ ਹਨ। ਇਸ ਮੌਕੇ ਕਸਬਾ ਝੁਨੀਰ ਦੇ ਮੌਜੂਦਾ ਸਰਪੰਚ ਜਗਪਾਲ ਸਿੰਘ ਖਹਿਰਾ ਨੇ ਕਿਹਾ ਕਿ ਝੁਨੀਰ ਇਲਾਕੇ ਨੂੰ ਰੈਲੀ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਹੈ ਕਿ ਰੈਲੀ ਵਾਲੇ ਦਿਨ ਝੁਨੀਰ ਦੀ ਮਾਰਕੀਟ ਕਮੇਟੀ ਦਾ ਦਰਜਾ ਦਿੱਤਾ ਜਾਵੇ ਅਤੇ ਅਨਾਜ ਮੰਡੀ ਮੁਕੰਮਲ ਚਲਾਈ ਜਾਵੇ। ਇਹ 25 ਪਿੰਡਾਂ ਨੂੰ ਸੁੱਖ ਸਹੂਲਤਾਂ ਮਿਲਣਗੀਆਂ। ਪਿਛਲੇ ਕਈ ਸਾਲਾਂ ਤੋਂ ਮੌਜੂਦਾ ਸਰਕਾਰਾਂ ਨੇ ਇਸ ਮੁੱਖ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕਰਦੇ ਹਾਂ ਕਿ ਕਸਬਾ ਦੀ ਮਾਰਕੀਟ ਕਮੇਟੀ ਚਲਾਈ ਜਾਵੇ। ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਮੀਡੀਆ ਕੋਆਰਡੀਨੇਟਰ ਗੁਰਮੇਲ ਸਿੰਘ ਭੰਮਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਝੁਨੀਰ ਵਿਖੇ ਦੂਜੀ ਫ਼ੇਰੀ ਹੈ। ਇਸ ਫ਼ੇਰੀ ਦੌਰਾਨ ਹਲਕੇ ਦੇ ਲੋਕਾਂ ਨੂੰ ਵੱਡੀਆਂ ਸੌਗਾਤਾਂ ਦੇਣ ਜਾ ਰਹੇ ਹਨ, ਜਿਸ ਨੂੰ ਲੈ ਕੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੈਲੀ ਨੂੰ ਲੈ ਕੇ ਪਾਰਟੀ ਵਰਕਰਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹਰ ਪਿੰਡ ਵਿੱਚ ਵਰਕਰਾਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ। ਰੈਲੀ ਨੂੰ ਕਾਮਯਾਬ ਕਰਨ ਲਈ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਖੁਦ ਮੈਦਾਨ ਵਿੱਚ ਉਤਰੇ ਹੋਏ ਹਨ। ਗੁਰਮੇਲ ਭੰਮਾਂ ਨੇ ਕਿਹਾ ਕਿ ਇਹ ਰੈਲੀ ਪੰਜਾਬ ਦੀ ਇਤਿਹਾਸਿਕ ਰੈਲੀ ਹੋਵੇਗੀ ਅਤੇ ਇਸ ਰੈਲੀ ਵਿੱਚ ਰਿਕਾਰਡ ਤੋੜ ਇਕੱਠ ਹੋਣ ਦੀ ਸੰਭਾਵਨਾ ਹੈ। ਲੋਕ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਤੇ ਮੋਹਰ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਝੁਨੀਰ ਵਿਖੇ ਹੋਣ ਵਾਲੀ ਰੈਲੀ 2027 ਵਿੱਚ ਆਮ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹੇਗੀ। ਇਸ ਮੌਕੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਖਹਿਰਾ, ਮਨਜੀਤ ਸਿੰਘ ਚੋਟੀਆਂ ਅਤੇ ਹੋਰ ਪਾਰਟੀ ਆਗੂ ਅਹੁਦੇਦਾਰ ਮੌਜੂਦ ਸਨ।