ਹਾਦਸੇ ’ਚ ਕਾਰ ਚਾਲਕ ਜ਼ਖਮੀ, ਅਫ਼ੀਮ ਤੇ ਡਰੱਗ ਮਨੀ ਬਰਾਮਦ
ਮਾਨਸਾ ਬਰਨਾਲਾ ਰੋਡ ਨੇੜੇ
Publish Date: Mon, 27 Apr 2026 06:39 PM (IST)
Updated Date: Tue, 28 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ-ਬਰਨਾਲਾ ਰੋਡ ਨੇੜੇ ਕੱਟ ਐਚਐਸ ਰੋਡ ਮਾਨਸਾ ਵਿਖੇ ਇੱਕ ਕਾਰ ਹਾਦਸਾਗ੍ਰਸਤ ਹੋ ਗਈ। ਕਾਰ ਚਾਲਕ ਨੂੰ ਪੁਲਿਸ ਮੁਲਾਜ਼ਮ ਵੱਲੋਂ ਹਸਪਤਾਲ ਭਰਤੀ ਕਰਵਾਇਆ ਗਿਆ, ਜਦੋਂਕਿ ਕਾਰ ‘ਚੋਂ ਭੁੱਕੀ ਚੂਰਾ ਪੋਸਤ, ਅਫ਼ੀਮ ਅਤੇ ਡਰੱਗ ਮਨੀ ਬਰਾਮਦ ਹੋਈ। ਥਾਣਾ ਸਿਟੀ 2 ਮਾਨਸਾ ਪੁਲਿਸ ਨੇ ਉਕਤ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਤੇਜਿੰਦਰ ਸਿੰਘ 563/ਮਾਨਸਾ ਨੇ ਬਿਆਨ ਦਰਜ ਕਰਵਾਇਆ ਹੈ ਕਿ ਅੱਜ ਉਹ ਆਪਣੀ ਡਿਊਟੀ ’ਤੇ ਸਮੇਤ ਫੋਰਸ ਹਾਜ਼ਰ ਸੀ। ਇਸ ਦੌਰਾਨ ਉਸ ਨੂੰ ਕਿਸੇ ਰਾਹਗੀਰ ਕੋਲੋਂ ਇਤਲਾਹ ਮਿਲੀ ਕਿ ਐਚਐਸ ਰੋਡ ਦੇ ਸਾਹਮਣੇ ਮੁੱਖ ਰੋਡ ’ਤੇ ਨਵੀਂ ਬਣ ਰਹੀ ਕਲੋਨੀ ਦੇ ਕੋਲ ਇਕ ਕਾਰ ਨੰਬਰੀ ਐੱਚਆਰ 51ਏਸੀ 7253 ਮਾਰਕਾ ਆਲੋਟ ਰੰਗ ਚਿੱਟਾ ਦਾ ਭਿਆਨਕ ਹਾਦਸਾ ਵਾਪਰ ਗਿਆ ਹੈ। ਕਾਰ ਚਾਲਕ ਜਗਸੀਰ ਸਿੰਘ ਨੂੰ ਲੋਕਾਂ ਦੀ ਮਦਦ ਨਾਲ 108 ਐਂਬੂਲੈਂਸ ’ਤੇ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾ ਦਿੱਤਾ ਹੈ। ਗੱਡੀ ਵਿੱਚੋਂ ਇਕ ਕਿੱਟ ਬੈਗ ਰੰਗ ਕਾਲਾ ਮਿਲੀ। ਇਸ ਵਿੱਚੋਂ 375 ਗ੍ਰਾਮ ਭੁੱਕੀ ਚੂਰਾ ਪੋਸਤ, 20 ਗ੍ਰਾਮ ਅਫ਼ੀਮ, 36800/- ਰੁਪਏ ਬਤੌਰ ਡਰੱਗ ਮਨੀ ਐਕਸੀਡੈਂਟਲ ਅਲਟੋ ਕਾਰ ਨੰਬਰੀ ਐਚਆਰ - 51ਏਸ -7253 ਬਰਾਮਦ ਹੋਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਗਸੀਰ ਸਿੰਘ ਵਾਸੀ ਮੀਰਪਪੁਰ ਕਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।