ਜਾਅਲੀ ਦਸਤਾਵੇਜ਼ਾਂ ਰਾਹੀਂ ਨੌਕਰੀ ਲੈਣ ਵਾਲਾ ਕਾਬੂ
ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ
Publish Date: Wed, 25 Feb 2026 07:47 PM (IST)
Updated Date: Thu, 26 Feb 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਪਹੁੰਚ ਅਪਣਾਉਂਦਿਆਂ ਵਿਜੀਲੈਂਸ ਬਿਊਰੋ ਪੰਜਾਬ ਨੇ ਸਿਵਲ ਹਸਪਤਾਲ ਬਰੇਟਾ ਜ਼ਿਲ੍ਹਾ ਮਾਨਸਾ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਤਾਇਨਾਤ ਸ਼ੰਕਰ ਸਿੰਘ ਕਾਊਂਸਲਰ ਨੂੰ ਜਾਅਲੀ ਡਿਗਰੀ/ਸਰਟੀਫ਼ਿਕੇਟ ਦੇ ਆਧਾਰ 'ਤੇ ਕਾਊਂਸਲਰ ਦੀ ਨੌਕਰੀ ਹਾਸਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਕਾਊਂਸਲਰ ਸ਼ੰਕਰ ਸਿੰਘ, ਵਾਸੀ ਪਿੰਡ ਭੂੰਦੜ ਭੈਣੀ, ਤਹਿਸੀਲ ਮੂਨਕ, ਜ਼ਿਲ੍ਹਾ ਸੰਗਰੂਰ ਵਿਰੁੱਧ ਕਾਰਵਾਈ ਕੀਤੀ ਗਈ। ਸਾਲ-2023 ਵਿੱਚ ਇਕ ਨਿੱਜੀ ਕੰਪਨੀ ਇਨੋਵਿਜ਼ਨ ਲਿਮਟਿਡ ਰਾਹੀਂ ਆਊਟਸੋਰਸਿੰਗ ਤੇ ਭਰਤੀ ਕੀਤੇ ਗਏ ਕੌਂਸਲਰਾਂ ਅਤੇ ਕੰਪਿਊਟਰ ਆਪ੍ਰੇਟਰਾਂ ਦੀਆਂ ਡਿਗਰੀਆਂ/ਸਰਟੀਫ਼ਿਕੇਟਾਂ ਦੀ ਸਿਵਲ ਸਰਜਨ, ਮਾਨਸਾ ਦੇ ਦਫ਼ਤਰ ਦੁਆਰਾ ਤਸਦੀਕ ਕਰਵਾਈ ਗਈ ਅਤੇ ਇਹ ਪਾਇਆ ਗਿਆ ਕਿ ਉਕਤ ਨੇ ਜਾਅਲੀ ਡਿਗਰੀ/ਸਰਟੀਫ਼ਿਕੇਟ ਦੇ ਆਧਾਰ 'ਤੇ ਨੌਕਰੀ ਪ੍ਰਾਪਤ ਕੀਤੀ ਸੀ। ਉਸ ਵਿਰੁੱਧ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।