ਕੋਰਮ ਨਾ ਪੂਰਾ ਹੋਣ ਕਾਰਨ ਬਲਾਕ ਸੰਮਤੀ ਚੋਣ ਮੁਲਤਵੀ
ਬਲਾਕ ਅਤੇ ਪੰਚਾਇਤ ਸੰਮਤੀ ਦੇ ਨਵੇ ਚੁਣੇ ਗਏ
Publish Date: Thu, 05 Mar 2026 07:49 PM (IST)
Updated Date: Thu, 05 Mar 2026 07:51 PM (IST)

ਬੁਢਲਾਡਾ : ਬਲਾਕ ਅਤੇ ਪੰਚਾਇਤ ਸੰਮਤੀ ਦੇ ਨਵੇਂ ਚੁਣੇ ਗਏ ਮੈਂਬਰਾਂ ’ਚੋਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸਬੰਧੀ ਸੰਮਤੀ ਮੈਂਬਰਾਂ ਦੀ ਰੱਖੀ ਗਈ ਮੀਟਿੰਗ ਕੋਰਮ ਨਾ ਪੂਰਾ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ। ਚੋਣ ਅਧਿਕਾਰੀ ਐੱਸਡੀਐੱਮ ਬੁਢਲਾਡਾ ਗਗਨਦੀਪ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਵਿਧਾਇਕ ਬੁੱਧ ਰਾਮ ਤੋਂ ਇਲਾਵਾ 15 ਮੈਂਬਰ ਹਾਜ਼ਰ ਸਨ। ਪਰ ਕੋਰਮ ਪੂਰਾ ਨਾ ਹੋਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਨੇ 11 ਸੰਮਤੀ ਮੈਂਬਰੀ ਦੀ ਹਾਜ਼ਰੀ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਦੇ ਮੈਂਬਰਾਂ ਵੱਲੋਂ ਪਰਚੀ ਵੋਟ ਰਾਹੀਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕਰਵਾਉਣ ਦਾ ਸੁਝਾਅ ਦਿੱਤਾ ਗਿਆ ਸੀ, ਪਰ ਸਹਿਮਤੀ ਨਾ ਹੋਣ ਕਾਰਨ ਚੋਣ ਦਾ ਬਾਈਕਾਟ ਕਰ ਦਿੱਤਾ। ਇਸ ਕਾਰਨ ਸੰਮਤੀ ਕੋਰਮ ਪੂਰਾ ਨਾ ਹੋ ਸਕਿਆ। ਉਨ੍ਹਾਂ ਸਰਕਾਰ ’ਤੇ ਦੋਸ਼ ਲਾਇਆ ਕਿ ਸਰਕਾਰ ਪਹਿਲਾਂ ਦੀ ਤਰ੍ਹਾਂ ਚੋਣਾਂ ਵਿੱਚ ਧੱਕਾ ਕਰਨਾ ਚਾਹੁੰਦੀ ਹੈ, ਜਿਸ ਨੂੰ ਸ਼੍ਰੋਮਣੀ ਦਲ ਕਦੇ ਬਰਦਾਸ਼ਤ ਨਹੀਂ ਕਰੇਗਾ। ਇਸ ਸਬੰਧੀ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਉਨ੍ਹਾਂ ਕੋਲ ਚੇਅਰਮੈਨ ਅਤੇ ਉਪ ਚੇਅਰਮੈਨ ਦਾ ਬਹੁਮਤ ਹੋਣ ਕਾਰਨ ਉਹ ਚੋਣ ਪ੍ਰਕਿਰਿਆ ਵਿੱਚ ਪੁੱਜੇ ਸਨ, ਪਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਆਪਣੀ ਹਾਰ ਨੂੰ ਦੇਖਦਿਆਂ ਠਿਕਰਾ ਚੋਣ ਪ੍ਰੀਕਿਰਿਆ ’ਤੇ ਭੰਡ ਕੇ ਬੇ-ਬੁਨਿਆਦ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਚੇਅਰਮੈਨ ਦੀ ਚੋਣ ਸਬੰਧੀ ਜਲਦੀ ਹੀ ਆਪਸੀ ਸਹਿਮਤੀ ਬਣਾ ਕੇ ਆਉਣ ਵਾਲੇ ਸਮੇਂ ਦੌਰਾਨ ਚੋਣ ਪ੍ਰੀਕਿਰਿਆ ਮੁਕੰਮਲ ਕਰਵਾਉਣਗੇ।