ਕਣਕ ਦੀ ਖ਼ਰੀਦ ਨਾ ਕਰਨ ਵਿਰੁੱਧ ਭਾਕਿਯੂ ਡਕੌਂਦਾ ਕਰੇਗੀ ਸੰਘਰਸ਼
ਨੇੜਲੇ ਪਿੰਡ ਖਿਆਲਾ ਕਲਾਂ, ਖਿਆਲਾ ਖੁਰਦ
Publish Date: Tue, 14 Apr 2026 05:47 PM (IST)
Updated Date: Wed, 15 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਨੇੜਲੇ ਪਿੰਡ ਖਿਆਲਾ ਕਲਾਂ, ਖਿਆਲਾ ਖੁਰਦ ਤੇ ਮਲਕਪੁਰ ਦੀ ਦਾਣਾ ਮੰਡੀ ’ਚ ਜੱਥੇਬੰਦੀ ਵੱਲੋਂ ਕਣਕ ਦੀ ਸਰਕਾਰੀ ਖਰੀਦ ਨਾ ਕਰਨ ਵਿਰੁੱਧ ਰੈਲੀ ਕੀਤੀ ਗਈ। ਇਸ ਮੌਕੇ ਬੋਲਦਿਆਂ ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਮੰਡੀਆਂ ਵਿੱਚ ਰੁਲ ਰਹੀ ਹੈ, ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀ ਖਰੀਦ ਕਰਨ ਵਿੱਚ ਕੋਈ ਦਿਲਚਸਪੀ ਦਿਖਾਈ ਨਹੀਂ ਦੇ ਰਹੀ ਕਿਉਕਿ ਬੇਮੌਸਮੀ ਮੀਂਹ ਕਾਰਨ ਦਾਣਾ ਬਦਰੰਗ ਹੋਣ ਦਾ ਬਹਾਨਾ ਲਾ ਕੇ ਕਿਸਾਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਕਣਕ ਦੀ ਫ਼ਸਲ ਦਾ ਕਾਫ਼ੀ ਹਿੱਸਾ ਤਾਂ ਕਿਸਾਨ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਘਰ ਰੱਖ ਲੈਂਦਾ ਹੈ। ਬਾਕੀ ਬਚੀ ਹੋਈ ਫ਼ਸਲ ਮੰਡੀਆਂ ’ਚ ਵੇਚ ਕੇ ਗੁਜ਼ਾਰਾ ਕਰਦਾ ਹੈ, ਲਿਮਟਾਂ ਭਰਦਾ ਹੈ, ਬੱਚਿਆਂ ਦੀ ਫ਼ੀਸ, ਆੜ੍ਹਤੀਆਂ ਦਾ ਕਰਜ਼ਾ ਆਦਿ ਦੇਣ ਸਮੇਤ ਹੋਰ ਲੋੜਾਂ ਪੂਰ੍ਹੀਆਂ ਕਰਨੀਆਂ ਹੁੰਦੀਆ ਹਨ, ਜਦੋਂਕਿ ਕਣਕ ਦੀ ਖ਼ਰੀਦ ਨਹੀਂ ਹੋ ਰਹੀ ਤਾਂ ਇਹ ਲੋੜਾਂ ਕਿਵੇਂ ਪੂਰ੍ਹੀਆਂ ਹੋਣਗੀਆਂ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਕਣਕ ਦੀ ਸਰਕਾਰੀ ਖ਼ਰੀਦ ਫ਼ੌਰੀ ਤੌਰ ‘ਤੇ ਸ਼ੁਰੂ ਕੀਤੀ ਜਾਵੇ। ਇਸ ਮੌਕੇ ਵਰਿਆਮ ਸਿੰਘ ਖ਼ਿਆਲਾ ਨੇ ਕਿਹਾ ਕਿ ਕਣਕ ਦੀ ਖਰੀਦ ਸ਼ੁਰੂ ਹੋਣ ਨਾਲ ਪੱਲੇਦਾਰ, ਮਜ਼ਦੂਰਾਂ ਤੇ ਟਰੱਕ ਅਪਰੇਟਰਾਂ ਦਾ ਰੋਜ਼ਗਾਰ ਵੀ ਚਲਣਾ ਹੈ। ਇਸ ਮੌਕੇ ਬਲਵਿੰਦਰ ਸ਼ਰਮਾ, ਬਲਜੀਤ ਸਿੰਘ ਭੈਣੀ ਬਾਘਾ, ਸਿਕੰਦਰ ਸਿੰਘ ਖਿਆਲਾ, ਗੁਰਚੇਤ ਸਿੰਘ ਚਕੇਰੀਆਂ, ਗੁਰਸੇਵਕ ਸਿੰਘ, ਕਾਕਾ ਸਿੰਘ ਲਾਭ ਸਿੰਘ, ਜਰਨੈਲ ਸਿੰਘ, ਗੁਰਮੇਲ ਸਿੰਘ, ਰੂਪ ਸ਼ਰਮਾ, ਲਸ਼ਮਣ ਸਿੰਘ ਤੇ ਵੱਡੀ ਗਿਣਤੀ ਵਿੱਚ ਕਿਸਾਨ ਤੇ ਮਜ਼ਦੂਰ ਵੀ ਸ਼ਾਮਲ ਸਨ।