ਭਾਕਿਯੂ ਡਕੌਂਦਾ ਨੇ ਪੁੱਟੀਆਂ ਸੜਕਾਂ ਦੇ ਹੱਲ ਲਈ ਲਾਇਆ ਧਰਨਾ
ਭਾਰਤੀ ਕਿਸਾਨ ਯੂਨੀਅਨ ਡਕੌਂੱਦਾ ਵੱਲੋਂ
Publish Date: Mon, 27 Apr 2026 04:59 PM (IST)
Updated Date: Tue, 28 Apr 2026 04:05 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਖਾ ਮੋੜ ’ਤੇ ਧਰਨਾ ਲਾ ਕੇ ਦੋ ਸਾਲਾਂ ਦੀਆਂ ਪੁੱਟੀਆਂ ਸੜਕਾਂ ਦਾ ਹੱਲ ਕਰਵਾਉਣ ਲਈ ਧਰਨਾ ਲਗਾਇਆ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਝੇਰਿਆਂਵਾਲੀ ਤੋਂ ਲੈ ਕੇ ਰਾਏਪੁਰ ਮਾਖਾ ਕਰਮਗੜ੍ਹ ਔਤਾਂਵਾਲੀ, ਤਲੀਏਵਾਲੀ, ਕੋਟਲੀ, ਕਮਾਲੂ, ਸੱਦਾ ਸਿੰਘ ਵਾਲਾ, ਖੋਖਰਾਂ ਵਿਚ ਦੀ ਹੁੰਦੀ ਹੋਈ ਸੜਕ ਮਾਨਸਾ ਪੁੱਜਦੀ ਹੈ। ਉਨ੍ਹਾਂ ਨੂੰ ਪੁੱਟੀਆਂ ਹੋਈਆਂ ਨੂੰ ਪੂਰ੍ਹੇ ਦੋ ਸਾਲ ਦਾ ਸਮਾਂ ਬੀਤ ਚੁੱਕਿਆ ਹੈ ਪਰ ਵਾਰ-ਵਾਰ ਪਿੰਡਾਂ ਵੱਲੋਂ ਗੇੜੇ ਮਾਰਨ ’ਤੇ ਵੀ ਕੋਈ ਹੱਲ ਨਾ ਹੋਇਆ। ਅੰਤ ਪਿੰਡਾਂ ਵੱਲੋਂ ਭਾਕਿਯੂ ਡਕੌਂਦਾ ਦੀਆਂ ਪਿੰਡ ਇਕਾਈਆਂ ਨਾਲ ਸੰਪਰਕ ਕੀਤਾ ਗਿਆ। ਫਿਰ ਜੱਥੇਬੰਦੀ ਦੀਆਂ ਇਕਾਈਆਂ ਵੱਲੋਂ ਬਲਾਕਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਫ਼ੌਰੀ ਤੌਰ ’ਤੇ ਸੰਕੇਤ ਧਰਨੇ ਦਾ ਐਲਾਨ ਕੀਤਾ। ਮਾਖਾ ਮੋੜ ਤੋਂ ਅੱਜ ਸੰਕੇਤਕ ਧਰਨਾ ਦਿੱਤਾ ਗਿਆ। ਫ਼ਿਰ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਿਸ ਕਰਕੇ ਮੰਡੀ ਬੋਰਡ ਦੇ ਐਕਸ਼ਨ ਮਨਜਿੰਦਰ ਸਿੰਘ ਵੱਲੋਂ ਸਟੇਜ ਤੇ ਆ ਕੇ ਭਰੋਸਾ ਦਿੱਤਾ ਕਿ ਦੋ ਦਿਨਾਂ ਵਿੱਚ ਕੰਮ ਚਾਲੂ ਕਰਵਾਇਆ ਜਾਵੇਗਾ। ਹਫ਼ਤੇ ਅੰਦਰ ਸੜਕਾਂ ਮੁੰਕਮਲ ਕੀਤੀਆਂ ਜਾਣਗੀਆਂ ਤੇ ਦੂਸਰਾ ਮੁੱਦਾ ਪੇਂਡੂ ਖੇਤਰਾਂ ਵਿੱਚ ਲੱਗ ਰਹੇ ਬਿਜਲੀ ਕੱਟਾਂ ਨੂੰ ਬੰਦ ਕਰਵਾਉਣ ਲਈ ਵੀ ਚਿਤਾਵਨੀ ਪੱਤਰ ਦਿੱਤਾ ਗਿਆ। ਬਿਜਲੀ ਮਹਿਕਮੇ ਦੇ ਐਸਡੀਓ ਅੰਮ੍ਰਿਤਪਾਲ ਸਿੰਘ ਵੱਲੋਂ ਸਟੇਜ ਤੇ ਆ ਕੇ ਚਿਤਾਵਨੀ ਪੱਤਰ ਲੈਂਦਿਆਂ ਭਰੋਸਾ ਦਿਵਾਇਆ ਕਿ ਇਹ ਵੀ ਤੁਹਾਡੇ ਇਸ ਮਸਲੇ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੈੱਸ ਸਕੱਤਰ ਮਨਜੀਤ ਸਿੰਘ ਉੱਲਕ, ਹਰਦੇਵ ਸਿੰਘ ਬੁਰਜ ਰਾਠੀ, ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ, ਰੂਪ ਸਿੰਘ ਉੱਲਕ, ਅਮਰਜੀਤ ਸਿੰਘ, ਕਰਮ ਸਿੰਘ ਮਾਨਸਾ, ਬਲਜੀਤ ਸਿੰਘ, ਜਗਵੀਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰਾਂ ਨੇ ਹਾਜ਼ਰੀ ਲਗਵਾਈ।