ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਪ੍ਰਤੀ ਅਪਣਾਈ ਨੀਤੀ ਖ਼ਿਲਾਫ਼ ਭਾਕਿਯੂ ਵੱਲੋਂ ਧਰਨਾ
ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਦੀਆਂ
Publish Date: Wed, 06 May 2026 06:01 PM (IST)
Updated Date: Thu, 07 May 2026 04:08 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਦੀਆਂ ਬਣੀਆਂ ਲਿਮਟਾਂ ਭਰਨ ਬਾਅਦ ਦੁਆਰਾ ਉਸ ਦੀ ਬਣਦੀ ਪੇਮੈਂਟ ਕਿਸਾਨਾਂ ਨੂੰ ਨਾ ਦੇਣ ਦੀ ਸਹਿਕਾਰੀ ਬੈਂਕਾਂ ਵੱਲੋਂ ਅਪਣਾਈ ਨੀਤੀ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਨਸਾ ਦੇ ਡੀਸੀ ਦਫ਼ਤਰ ਦੇ ਨੇੜੇ ਧਰਨਾ ਦੇ ਕੇ ਰੋਸ਼ ਪ੍ਰਗਟ ਕੀਤਾ ਅਤੇ ਸਹਿਕਾਰੀ ਬੈਂਕਾਂ ਦੇ ਅਧਿਕਾਰੀਆਂ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜਿਹੜੇ ਕਿਸਾਨ ਸਹਿਕਾਰੀ ਸੁਸਾਇਟੀਆਂ ਤੋਂ ਆਪਣੀਆਂ ਲਿਮਟਾਂ ਬਣਵਾ ਕੇ ਨਕਦ ਰਾਸ਼ੀ ਖਾਦਾਂ ਆਦਿ ਲੈਂਦੇ ਸਨ। ਉਨ੍ਹਾਂ ਦੇ ਹੱਦ ਕਰਜ਼ਿਆਂ ਵਿੱਚ ਪੰਜਾਬ ਸਰਕਾਰ ਨੇ ਵਾਧਾ ਕਰ ਦਿੱਤਾ ਸੀ ਜੋ ਕਿ ਕੁੱਲ 25 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 39 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਗਿਆ ਸੀ, ਜਿਸ ਨੂੰ ਸਬੰਧਿਤ ਬੈਂਕਾਂ ਦੇ ਅਧਿਕਾਰੀ ਲਾਗੂ ਕਰਨ ਲਈ ਤਿਆਰ ਨਹੀਂ।
ਕਣਕ ਦੀ ਫ਼ਸਲ ਵੇਚਣ ਬਾਅਦ ਕਿਸਾਨ ਸੁਸਾਇਟੀਆਂ ਤੋਂ ਲਿਆ ਕਰਜ਼ ਵਾਪਸ ਮੋੜ ਕੇ ਦੁਆਰਾ ਚੁੱਕਣ ਲਈ ਬੈਂਕਾਂ ਦੇ ਚੱਕਰ ਲਗਾ ਰਹੇ ਹਨ, ਪਰ ਸਹਿਕਾਰੀ ਬੈਂਕਾਂ ਦੇ ਮੈਨੇਜਰਾਂ ਵੱਲੋਂ ਇਹ ਕਹਿ ਕੇ ਕਿਸਾਨਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ ਕਿ ਸਾਡੇ ਕੋਲ ਤੁਹਾਨੂੰ ਦੇਣ ਲਈ ਬਣਦੀ ਰਕਮ ਨਹੀਂ ਹੈ। ਇਸ ਨਾਲ ਕਿਸਾਨ ਸੰਕਟ ਵਿੱਚ ਫ਼ਸ ਚੁੱਕੇ ਹਨ ਕਿਉਂਕਿ ਬਹੁਤ ਸਾਰੇ ਕਿਸਾਨ ਉਧਾਰ ਪੈਸੇ ਚੁੱਕ ਲਿਮਟਾਂ ਭਰ ਦਿੰਦੇ ਹਨ। ਇਸ ਤੋਂ ਬਾਅਦ ਦੁਆਰਾ ਲਿਮਟ ਕਢਵਾ ਕੇ ਉਧਾਰ ਚੁੱਕੇ ਪੈਸੇ ਮੋੜ ਦਿੰਦੇ ਹਨ। ਕਿਸਾਨ ਆਗੂ ਨੇ ਕਿਹਾ ਕਿ ਬੈਂਕਾਂ ਦੇ ਅਧਿਕਾਰੀ ਪੰਜਾਬ ਸਰਕਾਰ ਦੇ ਵਾਧੇ ਅਨੁਸਾਰ ਕਿਸਾਨਾਂ ਨੂੰ ਪੈਸੇ ਦੇਣ ਲਈ ਤਿਆਰ ਨਹੀਂ ਹਨ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਨੂੰ ਬਣਦੀ ਪੇਮੈਂਟ ਨਾ ਕੀਤੀ ਤਾਂ ਸਬੰਧਿਤ ਬੈਂਕਾਂ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨਾਂ ਦੀ ਹਮਾਇਤ ਵਿੱਚ ਸਹਿਕਾਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਅਲੀਸ਼ੇਰ ਨੇ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੁਮਾਣਾ, ਜਗਸੀਰ ਸਿੰਘ ਜਵਾਹਰਕੇ, ਭੋਲਾ ਸਿੰਘ ਮਾਖਾ, ਕੁਲਦੀਪ ਸਿੰਘ ਚਚੋਹਰ, ਕਾਲਾ ਸਿੰਘ ਮੰਡੇਰ, ਬਿੰਦਰ ਸਿੰਘ ਝੰਡਾ ਕਲਾਂ ਨੇ ਸੰਬੋਧਨ ਕੀਤਾ।