ਭਾਕਿਯੂ ਏਕਤਾ ਉਗਰਾਹਾਂ ਵੱਲੋਂ ਐਕਸੀਅਨ ਦਫ਼ਤਰ ਅੱਗੇ ਧਰਨਾ
ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਪੇਂਡੂ ਖੇਤਰ
Publish Date: Sat, 25 Apr 2026 06:02 PM (IST)
Updated Date: Sun, 26 Apr 2026 04:11 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਅੱਤ ਦੀ ਪੈ ਰਹੀ ਗਰਮੀ ਦੌਰਾਨ ਪੇਂਡੂ ਖੇਤਰ ’ਚ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਬਿਜਲੀ ਕੱਟਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਿਜਲੀ ਵਿਭਾਗ ਦੇ ਐਕਸੀਅਨ ਦਫ਼ਤਰ ਮਾਨਸਾ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਕੰਮ ਦਾ ਜ਼ੋਰ ਤੇ ਕਹਿਰ ਦੀ ਗਰਮੀ ਦੇ ਬਾਵਜੂਦ ਸੈਂਕੜੇ ਕਿਸਾਨ ਧਰਨੇ ’ਚ ਸ਼ਾਮਲ ਹੋਏ।
ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪੇਂਡੂ ਖੇਤਰ ’ਚ ਹਰ ਰੋਜ਼ ਰਾਤ ਨੂੰ ਬਿਜਲੀ ਦੇ ਵੱਡੇ ਕੱਟ ਲਗਾਏ ਜਾ ਰਹੇ ਹਨ, ਜਿਸ ਨਾਲ ਪੇਂਡੂ ਖੇਤਰ ਦੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ। ਸਾਰੀ-ਸਾਰੀ ਰਾਤ ਲੋਕਾਂ ਨੂੰ ਬੈਠ ਕੇ ਕੱਟਣੀ ਪੈ ਰਹੀ ਹੈ। ਬੱਚਿਆਂ ਤੇ ਬਜ਼ੁਰਗਾਂ ਦਾ ਹੋਰ ਵੀ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਤੇ ਸਮੁੱਚੀ ਸਰਕਾਰ ਦੇ ਮੰਤਰੀ ਬਿਆਨ ਦੇ ਰਹੇ ਹਨ ਕਿ ਬਿਜਲੀ ਪੰਜਾਬ ਕੋਲ ਵਾਧੂ ਹੈ ਪਰ ਹਕੀਕਤ ਕੁਝ ਹੋਰ ਹੈ। ਹਰ ਰੋਜ਼ ਰਾਤ ਨੂੰ 7 ਘੰਟੇ ਬਿਜਲੀ ਦੇ ਕੱਟ ਲੱਗਦੇ ਹਨ। ਜਦੋਂ ਬਿਜਲੀ ਕੱਟਾਂ ਸਬੰਧੀ ਕਿਸੇ ਅਧਿਕਾਰੀ ਨਾਲ ਗੱਲ ਹੁੰਦੀ ਹੈ ਤਾਂ ਅਧਿਕਾਰੀ ਇਹ ਕਹਿ ਦਿੰਦੇ ਹਨ ਕਿ ਜਿੰਨ੍ਹੀ ਬਿਜਲੀ ਦੀ ਮੰਗ ਹੈ, ਓਨੀ ਬਿਜਲੀ ਪੈਦਾ ਹੀ ਨਹੀਂ ਹੋ ਰਹੀ ਅਤੇ ਨਾ ਹੀ ਪੰਜਾਬ ਸਰਕਾਰ ਨੇ ਦੂਜੇ ਸੂਬਿਆਂ ਤੋਂ ਬਿਜਲੀ ਖਰੀਦਣ ਦਾ ਕੋਈ ਸਰਕਾਰ ਨੇ ਕੋਈ ਪ੍ਰਬੰਧ ਕੀਤਾ ਹੈ।
ਕਿਸਾਨ ਆਗੂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਕੁਝ ਹੋਰ, ਅਧਿਕਾਰੀ ਕੁਝ ਹੋ ਕਹਿ ਰਹੇ ਹਨ। ਬਿਜਲੀ ਸਪਲਾਈ ਵਿਚ ਪੰਜਾਬ ਸਰਕਾਰ ਦਾ ਦਿਵਾਲਾ ਨਿਕਲ ਗਿਆ ਹੈ। ਜਦੋਂ ਕਿ ਮਈ, ਜੂਨ ਮਹੀਨੇ ਦੀ ਪੈਣ ਵਾਲੀ ਗਰਮੀ ਵੱਟ ਕੱਢ ਦੇਵੇਗੀ। ਉਸ ਵਕਤ ਪੰਜਾਬ ਸਰਕਾਰ ਹਲਾਤਾਂ ਨੂੰ ਕਿਵੇ ਸੰਭਾਲੇਗੀ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦਾ ਪੂਰਾ ਪ੍ਰਬੰਧ ਤੁਰੰਤ ਕੀਤਾ ਜਾਵੇ। ਪੇਂਡੂ ਖੇਤਰ ਨੂੰ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਇਸ ਮੌਕੇ ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ, ਭਾਨ ਸਿੰਘ ਬਰਨਾਲਾ, ਜੁਗਰਾਜ ਸਿੰਘ ਮਾਨਸਾ, ਬੀ.ਕੇ. ਯੂ ਡਕੌਦਾ ਦੇ ਪ੍ਰਦੀਪ ਕੁਮਾਰ ਠੂਠਿਆਂਵਾਲੀ ਨੇ ਵੀ ਸੰਬੋਧਨ ਕੀਤਾ।