ਪੁਰਾਣੀ ਪੈਨਸ਼ਨ ਬਹਾਲੀ ਲਈ ਮੁਲਾਜ਼ਮਾਂ ਦਾ ਵੱਡਾ ਐਲਾਨ
ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ
Publish Date: Sun, 24 May 2026 05:52 PM (IST)
Updated Date: Mon, 25 May 2026 04:08 AM (IST)
-ਕਰਮਚਾਰੀ 28 ਨੂੰ ਸੂਬੇ ਭਰ ’ਚ “ਮੱਝਾਂ ਅੱਗੇ ਬੀਨ” ਵਜਾ ਕੇ ਸਰਕਾਰ ਨੂੰ ਜਗਾਉਣਗੇ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ) ਦੀ ਬਹਾਲੀ ਲਈ ਸੰਘਰਸ਼ ਕਰ ਰਹੀਆਂ ਤਿੰਨ ਮੁੱਖ ਜਥੇਬੰਦੀਆਂ ਸੀਪੀਐਫ਼ ਕਰਮਚਾਰੀ ਯੂਨੀਅਨ, ਪੁਰਾਣੀ ਪੈਨਸ਼ਨ ਬਹਾਲ ਕਮੇਟੀ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਵੱਲੋਂ ਸਾਂਝੇ ਰੂਪ ਵਿਚ “ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਪੰਜਾਬ” ਤਿਆਰ ਕੀਤਾ ਗਿਆ ਹੈ। ਇਸ ਮੋਰਚੇ ਦਾ ਮੁੱਖ ਉਦੇਸ਼ ਪੰਜਾਬ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ ਕਰਵਾਉਣਾ ਅਤੇ ਮੁਲਾਜ਼ਮਾਂ ਨੂੰ ਇਨਸਾਫ਼ ਦਿਵਾਉਣਾ ਹੈ। ਇਸ ਸਬੰਧੀ ਸੀਪੀਐੱਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਮਾਨਸਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਤੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਖਿਆਲਾ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਕਰੀਬ ਦੋ ਲੱਖ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪਣੇ ਸਾਰੇ ਵਾਅਦੇ ਪੂਰੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪੁਰਾਣੀ ਪੈਨਸ਼ਨ ਦੀ ਬਹਾਲੀ ਨਾ ਹੋਣਾ, ਪੁਰਾਣੇ ਸਕੇਲ ਅਤੇ ਭੱਤਿਆਂ ਦੀ ਬਹਾਲੀ ਸਬੰਧੀ ਸਰਕਾਰ ਦੇ ਦਾਅਵਿਆਂ ਦੀ ਹਕੀਕਤ ਬਿਆਨ ਕਰਦਾ ਹੈ। ਮੁਲਾਜ਼ਮ ਵਰਗ ’ਚ ਇਨ੍ਹਾਂ ਮਾਮਲਿਆ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੱਥੇਬੰਦੀਆਂ ਦੇ ਸਾਂਝੇ ਫ਼ੈਸਲੇ ਅਨੁਸਾਰ 28 ਮਈ 2026 ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਸਰਕਾਰੀ ਮੁਲਾਜ਼ਮ ਵਿਲੱਖਣ ਢੰਗ ਨਾਲ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਮੁਲਾਜ਼ਮ “ਮੱਝਾਂ ਅੱਗੇ ਬੀਨ” ਵਜਾ ਕੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਦਾ ਉਪਰਾਲਾ ਕਰਨਗੇ। ਮੋਰਚੇ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਪੁਰਾਣੀ ਪੈਨਸ਼ਨ ਸਕੀਮ ਬਹਾਲ, ਪੁਰਾਣੇ ਸਕੇਲ ਅਤੇ ਭੱਤਿਆਂ ਨੂੰ ਬਹਾਲ ਨਾ ਕੀਤਾਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਭਜੋਤ ਸਿੰਘ ਬੁਢਲਾਡਾ, ਪ੍ਰਦੀਪ ਭਾਰਦਵਾਜ, ਗੁਣਸੀਲ ਸਿੰਗਲਾ, ਭੁਪਿੰਦਰ ਸਿੰਘ ਤੱਗੜ, ਹਰਵਿੰਦਰ ਸਿੰਘ, ਸੁਰਿੰਦਰ ਸਿੰਘ, ਸੰਦੀਪ ਸਿੰਘ ਵਾਲੀਆ, ਹਰਦੀਪ ਸਿੰਘ, ਹਰਪ੍ਰੀਤ ਸਿੰਘ ਬੱਪੀਆਣਾ, ਹਰਦੀਪ ਸਿੰਘ ਖੋਖਰ, ਜਸਕਰਨ ਸਿੰਘ ਬਰੇ, ਸੋਨੀ ਬਰੇਟਾ, ਬਲਜੀਤ ਸਿੰਘ ਫਰਵਾਹੀ, ਰੋਮੀ, ਗੁਰਲਾਲ, ਜਸਵਿੰਦਰ ਕੁਮਾਰ, ਬਲਕਰਨ ਰੱਲਾ, ਮਨੋਜ ਕੁਮਾਰ, ਯਾਦਵਿੰਦਰ ਸਿੰਘ, ਰਵੀ ਭੂਸ਼ਨ, ਮਾਨਤ ਸਿੰਘ ਹਾਜ਼ਰ ਸਨ।