ਗੋਨਿਆਣਾ ਮੰਡੀ 'ਚ ਵੱਡੀ ਠੱਗੀ: ਸਰਕਾਰੀ ਨੌਕਰੀ ਦੇ ਨਾਂ 'ਤੇ ਡੇਰਾਬੱਸੀ ਦੇ ਵਿਅਕਤੀ ਨੇ ਮਾਰੇ 9.61 ਲੱਖ ਰੁਪਏ; ਚੜ੍ਹਿਆ ਪੁਲਿਸ ਅੜਿੱਕੇ
ਸਰਕਾਰੀ ਨੌਕਰੀ ਦਿਵਾਉਣ ਦੇ ਨਾਂ 'ਤੇ ਬੇਰੁਜ਼ਗਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਠੱਗਾਂ ਦਾ ਜਾਲ ਲਗਾਤਾਰ ਫੈਲ ਰਿਹਾ ਹੈ। ਤਾਜ਼ਾ ਮਾਮਲਾ ਬਠਿੰਡਾ ਦੇ ਗੋਨਿਆਣਾ ਮੰਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਲਾਰਾ ਲਗਾ ਕੇ 9 ਲੱਖ 61 ਹਜ਼ਾਰ 200 ਰੁਪਏ ਦੀ ਵੱਡੀ ਠੱਗੀ ਮਾਰੀ ਗਈ ਹੈ। ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Publish Date: Sat, 18 Apr 2026 01:04 PM (IST)
Updated Date: Sat, 18 Apr 2026 01:09 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਰਕਾਰੀ ਨੌਕਰੀ ਦਿਵਾਉਣ ਦੇ ਨਾਂ 'ਤੇ ਬੇਰੁਜ਼ਗਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਠੱਗਾਂ ਦਾ ਜਾਲ ਲਗਾਤਾਰ ਫੈਲ ਰਿਹਾ ਹੈ। ਤਾਜ਼ਾ ਮਾਮਲਾ ਬਠਿੰਡਾ ਦੇ ਗੋਨਿਆਣਾ ਮੰਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਲਾਰਾ ਲਗਾ ਕੇ 9 ਲੱਖ 61 ਹਜ਼ਾਰ 200 ਰੁਪਏ ਦੀ ਵੱਡੀ ਠੱਗੀ ਮਾਰੀ ਗਈ ਹੈ। ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸਰਕਾਰੇ-ਦਰਬਾਰੇ ਪਹੁੰਚ ਦਾ ਦਿਖਾਇਆ ਡਰਾਨਾ
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪੀੜਤ ਸਰਬਜੀਤ ਸਿੰਘ, ਵਾਸੀ ਗੋਨਿਆਣਾ ਮੰਡੀ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਲੱਖਾ ਰਾਮ (ਵਾਸੀ ਪਿੰਡ ਬਿਸ਼ਨਪੁਰਾ, ਡੇਰਾਬੱਸੀ, ਜ਼ਿਲ੍ਹਾ ਮੋਹਾਲੀ) ਨਾਲ ਹੋਈ ਸੀ। ਲੱਖਾ ਰਾਮ ਨੇ ਆਪਣੇ ਆਪ ਨੂੰ ਉੱਚ-ਪਹੁੰਚ ਵਾਲਾ ਵਿਅਕਤੀ ਦੱਸਦਿਆਂ ਦਾਅਵਾ ਕੀਤਾ ਕਿ ਉਸ ਦੀ ਸਰਕਾਰੀ ਮਹਿਕਮਿਆਂ ਵਿੱਚ ਚੰਗੀ ਜਾਣ-ਪਛਾਣ ਹੈ ਅਤੇ ਉਹ ਆਸਾਨੀ ਨਾਲ ਸਰਕਾਰੀ ਨੌਕਰੀ ਲਗਵਾ ਸਕਦਾ ਹੈ। ਨੌਕਰੀ ਦੀ ਭਾਲ ਵਿੱਚ ਭਟਕ ਰਹੇ ਸਰਬਜੀਤ ਨੇ ਮੁਲਜ਼ਮ ਦੀਆਂ ਗੱਲਾਂ ਵਿੱਚ ਆ ਕੇ ਵੱਖ-ਵੱਖ ਸਮਿਆਂ 'ਤੇ ਕੁੱਲ 9,61,200 ਰੁਪਏ ਉਸ ਨੂੰ ਸੌਂਪ ਦਿੱਤੇ।
ਲਾਰੇ ਲਗਾਉਣ ਤੋਂ ਬਾਅਦ ਪੈਸੇ ਦੇਣ ਤੋਂ ਕੀਤਾ ਇਨਕਾਰ
ਪੀੜਤ ਨੇ ਦੱਸਿਆ ਕਿ ਪੈਸੇ ਲੈਣ ਤੋਂ ਬਾਅਦ ਮੁਲਜ਼ਮ ਕਾਫ਼ੀ ਸਮੇਂ ਤੱਕ ਉਸ ਨੂੰ ਨਿਯੁਕਤੀ ਪੱਤਰ ਜਾਰੀ ਕਰਵਾਉਣ ਦੇ ਝੂਠੇ ਲਾਰੇ ਲਾਉਂਦਾ ਰਿਹਾ। ਜਦੋਂ ਕਾਫ਼ੀ ਸਮਾਂ ਬੀਤਣ 'ਤੇ ਨੌਕਰੀ ਨਾ ਮਿਲੀ ਤਾਂ ਸਰਬਜੀਤ ਨੇ ਆਪਣੇ ਪੈਸੇ ਵਾਪਸ ਮੰਗੇ। ਪੈਸੇ ਵਾਪਸ ਕਰਨ ਦੀ ਬਜਾਏ ਮੁਲਜ਼ਮ ਲੱਖਾ ਰਾਮ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤ ਨੇ ਪੁਲਿਸ ਦਾ ਦਰਵਾਜ਼ਾ ਖੜਕਾਇਆ।
ਪੁਲਿਸ ਦੀ ਕਾਰਵਾਈ
ਥਾਣਾ ਨੇਹੀਆਂ ਵਾਲਾ ਦੇ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਮੁਲਜ਼ਮ ਲੱਖਾ ਰਾਮ ਖ਼ਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਫਿਲਹਾਲ ਫ਼ਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਠੱਗੀ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਹੈ ਜਾਂ ਮੁਲਜ਼ਮ ਨੇ ਕਿਸੇ ਹੋਰ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ।