Bathinda News : ਗੱਡੀ ਨਾਲ ਟੱਕਰ ਮਾਰ ਕੇ ਵਿਅਕਤੀ ਦੀ ਹੱਤਿਆ, ਦੋ ਗੰਭੀਰ ਜ਼ਖ਼ਮੀ
ਟੱਕਰ ਨਾਲ ਜੰਟਾ ਸਿੰਘ ਮੌਕੇ ‘ਤੇ ਹੀ ਡਿੱਗ ਪਿਆ, ਜਦਕਿ ਡੋਗਰ ਸਿੰਘ ਅਤੇ ਸੁਖਦੇਵ ਸਿੰਘ ਗੱਡੀ ਦੇ ਟਾਇਰਾਂ ਵਿਚ ਫਸ ਗਏ। ਇਸ ਦੌਰਾਨ ਗੱਡੀ ਨੇ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਵੀ ਟੱਕਰ ਮਾਰੀ, ਜਿਸ ਨਾਲ ਉਹ ਵੀ ਜ਼ਖਮੀ ਹੋ ਗਿਆ। ਘਟਨਾ ਵਿਚ ਕੁੱਲ ਚਾਰ ਵਿਅਕਤੀ ਜ਼ਖਮੀ ਹੋਏ, ਜਿਨ੍ਹਾਂ ਨੂੰ ਤੁਰੰਤ ਮਾਨਸਾ ਦੇ ਹਸਪਤਾਲ ਪਹੁੰਚਾਇਆ।
Publish Date: Tue, 05 May 2026 09:17 PM (IST)
Updated Date: Tue, 05 May 2026 09:18 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ: ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸਿੰਗੋ ਵਿਖੇ ਰੰਜਿਸ਼ਨ ਇਕ ਨੌਜਵਾਨ ਵੱਲੋਂ ਬਲੈਰੋ ਕੈਂਪਰ ਗੱਡੀ ਨਾਲ ਜਾਣਬੁੱਝ ਕੇ ਟੱਕਰ ਮਾਰ ਕੇ ਇਕ ਵਿਅਕਤੀ ਦੀ ਹੱਤਿਆ ਤੇ ਦੋ ਹੋਰਾਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਨੂੰ ਕੁਝ ਘੰਟਿਆਂ ਵਿਚ ਹੀ ਗ੍ਰਿਫਤਾਰ ਕਰ ਲਿਆ ਹੈ।
ਮ੍ਰਿਤਕ ਦੇ ਪੁੱਤਰ ਗੁਰਜਿੰਦਰ ਸਿੰਘ ਵਾਸੀ ਬਹਿਮਣ ਕੌਰ ਸਿੰਘ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਉਸਦਾ ਪਿਤਾ ਜੰਟਾ ਸਿੰਘ ਪਿੰਡ ਸਿੰਗੋ ਵਿਚ ਡੋਗਰ ਸਿੰਘ ਕੋਲ ਸੀਰੀ ਵਜੋਂ ਕੰਮ ਕਰਦਾ ਸੀ। ਘਟਨਾ ਵਾਲੇ ਦਿਨ ਜੰਟਾ ਸਿੰਘ, ਡੋਗਰ ਸਿੰਘ ਅਤੇ ਸੁਖਦੇਵ ਸਿੰਘ ਪੇਰੋਂ ਰੋਡ ’ਤੇ ਖੜ੍ਹੇ ਗੱਲ ਕਰ ਰਹੇ ਸਨ, ਜਦਕਿ ਡੋਗਰ ਸਿੰਘ ਅਤੇ ਸੁਖਦੇਵ ਸਿੰਘ ਇਲੈਕਟ੍ਰਿਕ ਸਕੂਟਰੀ ‘ਤੇ ਬੈਠੇ ਹੋਏ ਸਨ। ਇਸ ਦੌਰਾਨ ਪਿੱਛੋਂ ਆ ਰਹੀ ਬਲੈਰੋ ਕੈਂਪਰ ਗੱਡੀ, ਜਿਸਨੂੰ ਗੁਲਾਬ ਸਿੰਘ ਚਲਾ ਰਿਹਾ ਸੀ, ਨੇ ਤੇਜ਼ ਰਫ਼ਤਾਰ ਨਾਲ ਆ ਕੇ ਜਾਣ-ਬੁੱਝ ਕੇ ਸਕੂਟਰੀ ਅਤੇ ਉਥੇ ਖੜ੍ਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ।
ਟੱਕਰ ਨਾਲ ਜੰਟਾ ਸਿੰਘ ਮੌਕੇ ‘ਤੇ ਹੀ ਡਿੱਗ ਪਿਆ, ਜਦਕਿ ਡੋਗਰ ਸਿੰਘ ਅਤੇ ਸੁਖਦੇਵ ਸਿੰਘ ਗੱਡੀ ਦੇ ਟਾਇਰਾਂ ਵਿਚ ਫਸ ਗਏ। ਇਸ ਦੌਰਾਨ ਗੱਡੀ ਨੇ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਵੀ ਟੱਕਰ ਮਾਰੀ, ਜਿਸ ਨਾਲ ਉਹ ਵੀ ਜ਼ਖਮੀ ਹੋ ਗਿਆ। ਘਟਨਾ ਵਿਚ ਕੁੱਲ ਚਾਰ ਵਿਅਕਤੀ ਜ਼ਖਮੀ ਹੋਏ, ਜਿਨ੍ਹਾਂ ਨੂੰ ਤੁਰੰਤ ਮਾਨਸਾ ਦੇ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਜੰਟਾ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਡੋਗਰ ਸਿੰਘ ਤੇ ਸੁਖਦੇਵ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਥਾਣਾ ਮੁਖੀ ਅਮਰੀਕ ਸਿੰਘ ਤੇ ਚੌਂਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਗੁਲਾਬ ਸਿੰਘ ਦੀ ਡੋਗਰ ਸਿੰਘ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ।
ਇਸੇ ਰੰਜਿਸ਼ ਤਹਿਤ ਉਸਨੇ ਜਾਣ-ਬੁੱਝ ਕੇ ਗੱਡੀ ਨਾਲ ਟੱਕਰ ਮਾਰੀ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਪੁਲਿਸ ਵੱਲੋਂ ਦੋਸ਼ੀ ਗੁਲਾਬ ਸਿੰਘ ਨੂੰ ਕੁਝ ਘੰਟਿਆਂ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸਦੇ ਖਿਲਾਫ ਕਤਲ ਸਮੇਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।