Bathinda News : ਕੰਗਨਾ ਖਿਲਾਫ਼ ਸੁਣਵਾਈ ਮੁੜ ਟਲ਼ੀ, ਹੁਣ 12 ਮਈ ਨੂੰ ਹੋਵੇਗੀ ਸੁਣਵਾਈ
ਐਡਵੋਕੇਟ ਰਘਬੀਰ ਸਿੰਘ ਬਹਿਣੀਵਾਲ ਦੇ ਅਨੁਸਾਰ ਅਦਾਲਤ ਵਿੱਚ ਦੋਵਾਂ ਗਵਾਹਾਂ ਦੇ ਬਿਆਨ ਦਰਜ ਹੋਣੇ ਸਨ, ਪਰ ਇਕ ਦੀ ਗੈਰ ਹਾਜ਼ਰੀ ਕਾਰਨ ਕਾਰਵਾਈ ਅਧੂਰੀ ਰਹਿ ਗਈ। ਇਸ ਤੋਂ ਇਲਾਵਾ ਕੰਗਨਾ ਦਾ ਪਾਸਪੋਰਟ ਜ਼ਬਤ ਕਰਨ ਸਬੰਧੀ ਮਾਮਲੇ 'ਤੇ ਵੀ ਸੁਣਵਾਈ ਨਹੀਂ ਹੋ ਸਕੀ ਅਤੇ ਇਹ ਮਾਮਲਾ ਵੀ ਅਗਲੀ ਤਾਰੀਕ ਲਈ ਮੁਲਤਵੀ ਕਰ ਦਿੱਤਾ ਗਿਆ।
Publish Date: Tue, 28 Apr 2026 06:37 PM (IST)
Updated Date: Tue, 28 Apr 2026 06:44 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਚੱਲ ਰਹੇ ਮਾਣਹਾਨੀ ਕੇਸ ਵਿੱਚ ਅਗਲੀ ਸੁਣਵਾਈ ਹੁਣ 12 ਮਈ ਨੂੰ ਹੋਵੇਗੀ। ਮੰਗਲਵਾਰ ਨੂੰ ਬਠਿੰਡਾ ਅਦਾਲਤ ਵਿੱਚ ਸੁਣਵਾਈ ਦੌਰਾਨ ਮਾਤਾ ਮਹਿੰਦਰ ਕੌਰ ਵੱਲੋਂ ਦੋ ਗਵਾਹ ਪੇਸ਼ ਕੀਤੇ ਜਾਣੇ ਸਨ, ਪਰ ਇਕ ਗਵਾਹ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਹ ਅਦਾਲਤ ਵਿੱਚ ਹਾਜ਼ਰ ਨਾ ਹੋ ਸਕਿਆ। ਇਸ ਕਰਕੇ ਕੰਗਨਾ ਦੇ ਵਕੀਲ ਨੇ ਦੂਜੇ ਗਵਾਹ ਦੇ ਬਿਆਨ ਦਰਜ ਕਰਨ ਤੋਂ ਵੀ ਇਨਕਾਰ ਕਰ ਦਿੱਤਾ।
ਐਡਵੋਕੇਟ ਰਘਬੀਰ ਸਿੰਘ ਬਹਿਣੀਵਾਲ ਦੇ ਅਨੁਸਾਰ ਅਦਾਲਤ ਵਿੱਚ ਦੋਵਾਂ ਗਵਾਹਾਂ ਦੇ ਬਿਆਨ ਦਰਜ ਹੋਣੇ ਸਨ, ਪਰ ਇਕ ਦੀ ਗੈਰ ਹਾਜ਼ਰੀ ਕਾਰਨ ਕਾਰਵਾਈ ਅਧੂਰੀ ਰਹਿ ਗਈ। ਇਸ ਤੋਂ ਇਲਾਵਾ ਕੰਗਨਾ ਦਾ ਪਾਸਪੋਰਟ ਜ਼ਬਤ ਕਰਨ ਸਬੰਧੀ ਮਾਮਲੇ 'ਤੇ ਵੀ ਸੁਣਵਾਈ ਨਹੀਂ ਹੋ ਸਕੀ ਅਤੇ ਇਹ ਮਾਮਲਾ ਵੀ ਅਗਲੀ ਤਾਰੀਕ ਲਈ ਮੁਲਤਵੀ ਕਰ ਦਿੱਤਾ ਗਿਆ। ਹੁਣ 12 ਮਈ ਨੂੰ ਹੋਣ ਵਾਲੀ ਸੁਣਵਾਈ ਵਿੱਚ ਗਵਾਹਾਂ ਦੇ ਬਿਆਨ ਦਰਜ ਕਰਨ ਦੇ ਨਾਲ ਨਾਲ ਪਾਸਪੋਰਟ ਜ਼ਬਤੀ ਮਾਮਲੇ 'ਤੇ ਵੀ ਚਰਚਾ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬਹਾਦਰਗੜ੍ਹ ਜੰਡੀਆਂ ਦੀ ਔਰਤ ਮਹਿੰਦਰ ਕੌਰ ਵੱਲੋਂ ਕੰਗਨਾ ਖ਼ਿਲਾਫ਼ ਮਾਣਹਾਨੀ ਦਾ ਕੇਸ ਇਸ ਲਈ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਕੰਗਨਾ ਵੱਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਨਾਲ ਉਸਦੀ ਮਾਣਹਾਨੀ ਹੋਈ ਹੈ। ਇਹ ਮਾਮਲਾ ਅਸਲ ਵਿੱਚ ਉਸ ਸਮੇਂ ਨਾਲ ਜੁੜਿਆ ਹੋਇਆ ਹੈ ਜਦੋਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਸਨ।
ਉਸ ਦੌਰਾਨ ਰਣੌਤ ਨੇ ਸੋਸ਼ਲ ਮੀਡੀਆ ‘ਤੇ ਇਕ ਬੁਜ਼ੁਰਗ ਮਹਿਲਾ ਬਾਰੇ ਟਿੱਪਣੀ ਕੀਤੀ ਸੀ, ਜਿਸਨੂੰ ਬਾਅਦ ਵਿੱਚ ਕਈ ਲੋਕਾਂ ਨੇ ਗਲਤ ਅਤੇ ਅਪਮਾਨਜਨਕ ਕਰਾਰ ਦਿੱਤਾ। ਮਾਤਾ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਟਿੱਪਣੀ ਉਨ੍ਹਾਂ ਨਾਲ ਜੋੜ ਕੇ ਕੀਤੀ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਸਾਖ ਨੂੰ ਠੇਸ ਪਹੁੰਚੀ। ਇਸ ਲਈ ਉਨ੍ਹਾਂ ਨੇ ਅਦਾਲਤ ਦਾ ਰੁਖ ਕਰਦਿਆਂ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ।