Bathinda News : ਸਲਵਾਨ ਰਿਸ਼ਵਤ ਮਾਮਲੇ ’ਚ ਫੈਮਲੀ ਕੋਰਟ ਦੇ ਜੱਜ ਤੋਂ ਪੁਛਗਿੱਛ, 30 ਲੱਖ ਦੀ ਰਿਸ਼ਵਤ ਮੰਗਣ ਵਾਲਿਆਂ ਨੂੰ ਸੀਬੀਆਈ ਨੇ ਕੀਤਾ ਸੀ ਗ੍ਰਿਫਤਾਰ
ਚੰਡੀਗੜ੍ਹ ਤੋਂ ਆਈ ਸੀਬੀਆਈ ਦੀ ਟੀਮ ਨੇ ਬਠਿੰਡਾ ਅਦਾਲਤ ਦੇ ਇਕ ਜੱਜ ਤੋਂ ਪੁੱਛ-ਪੜਤਾਲ ਕੀਤੀ। ਸੀਬੀਆਈ ਦੀ ਟੀਮ ਦੁਪਹਿਰ ਕਰੀਬ ਡੇਢ ਵਜੇ ਬਠਿੰਡਾ ਦੇ ਅਦਾਲਤੀ ਕੰਪਲੈਕਸ ਵਿਚ ਪੁੱਜੀ, ਜਿੱਥੇ ਇਕ ਜੱਜ ਤੋਂ ਰਿਸ਼ਵਤ ਦੇ ਮਾਮਲੇ ਵਿਚ ਟੀਮ ਨੇ ਕਈ ਸਵਾਲ ਕੀਤੇ।
Publish Date: Wed, 01 Oct 2025 08:41 PM (IST)
Updated Date: Wed, 01 Oct 2025 08:44 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਚੰਡੀਗੜ੍ਹ ਤੋਂ ਆਈ ਸੀਬੀਆਈ ਦੀ ਟੀਮ ਨੇ ਬਠਿੰਡਾ ਅਦਾਲਤ ਦੇ ਇਕ ਜੱਜ ਤੋਂ ਪੁੱਛ-ਪੜਤਾਲ ਕੀਤੀ। ਸੀਬੀਆਈ ਦੀ ਟੀਮ ਦੁਪਹਿਰ ਕਰੀਬ ਡੇਢ ਵਜੇ ਬਠਿੰਡਾ ਦੇ ਅਦਾਲਤੀ ਕੰਪਲੈਕਸ ਵਿਚ ਪੁੱਜੀ, ਜਿੱਥੇ ਇਕ ਜੱਜ ਤੋਂ ਰਿਸ਼ਵਤ ਦੇ ਮਾਮਲੇ ਵਿਚ ਟੀਮ ਨੇ ਕਈ ਸਵਾਲ ਕੀਤੇ। ਸੀਬੀਆਈ ਦੀ ਟੀਮ ਲੰਬਾ ਸਮਾਂ ਅਦਾਲਤੀ ਕੰਪਲੈਕਸ ਵਿਚ ਰਹੀ। ਸੀਬੀਆਈ ਦੀ ਇਹ ਟੀਮ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਮਨਜ਼ੂਰੀ ਲੈ ਕੇ ਬਠਿੰਡਾ ਪੁੱਜੀ ਸੀ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਇਕ ਵਕੀਲ ਤੇ ‘ਵਿਚੋਲੇ’ ਨੂੰ 16 ਅਗਸਤ 2025 ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਹੜੇ ਬਠਿੰਡਾ ਵਿਚ ਤਾਇਨਾਤ ਇਕ ਜੱਜ ਦੇ ਨਾਂ 'ਤੇ 30 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਸਨ। ਗ੍ਰਿਫ਼ਤਾਰ ਵਕੀਲ ਦੀ ਪਛਾਣ ਸੈਕਟਰ 15 ਦੇ ਰਹਿਣ ਵਾਲੇ ਜਤਿਨ ਸਲਵਾਨ ਵਜੋਂ ਹੋਈ ਸੀ, ਜਦੋਂ ਕਿ ਉਸ ਦਾ ਸਾਥੀ ਸਤਨਾਮ ਸਿੰਘ ਪੇਸ਼ੇ ਤੋਂ ਪ੍ਰਾਪਰਟੀ ਡੀਲਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਵਸਨੀਕ ਹਰਸਿਮਰਨਜੀਤ ਸਿੰਘ ਨੇ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਦਾ ਤਲਾਕ ਦਾ ਕੇਸ ਬਠਿੰਡਾ ਅਦਾਲਤ ਵਿਚ ਵਿਚਾਰ ਅਧੀਨ ਹੈ। ਇਕ ਵਕੀਲ ਨੇ ਉਸ ਮਾਮਲੇ ਵਿਚ ਫੈਸਲਾ ਆਪਣੇ ਹੱਕ ਵਿਚ ਕਰਵਾਉਣ ਦਾ ਦਾਅਵਾ ਕਰਦੇ ਹੋਏ ਜੱਜ ਦੇ ਨਾਂ ’ਤੇ 30 ਲੱਖ ਰੁਪਏ ਦੀ ਮੰਗ ਕੀਤੀ ਸੀ। ਵਕੀਲ ਤੇ ਵਿਚੋਲੇ ਨੇ ਸ਼ਿਕਾਇਤ ਕਰਤਾ ਨੂੰ ਸੈਕਟਰ 9 ਦੇ ਇਕ ਕੈਫੇ ਵਿਚ ਬੁਲਾਇਆ, ਜਿੱਥੇ ਸੀਬੀਆਈ ਟੀਮ ਪਹਿਲਾਂ ਹੀ ਮੌਜੂਦ ਸੀ। ਉੱਥੇ ਸੀਬੀਆਈ ਨੇ ਸਲਵਾਨ ਤੇ ਸਤਨਾਮ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਦੇ 5 ਲੱਖ ਰੁਪਏ ਸਮੇਤ ਫੜ੍ਹ ਲਿਆ ਸੀ। ਸੀਬੀਆਈ ਇਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਸੀ। ਹੁਣ ਸੀਬੀਆਈ ਨੇ ਜੱਜ ਤੋਂ ਪੁਛਗਿੱਛ ਲਈ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਮਨਜ਼ੂਰੀ ਲਈ ਤੇ ਇਕ ਟੀਮ ਬਠਿੰਡਾ ਪੁੱਜ ਗਈ। ਟੀਮ ਨੇ ਇਸ ਮਾਮਲੇ ਵਿਚ ਜੱਜ ਨੂੰ ਕਈ ਸਵਾਲ ਕੀਤੇ। ਹਾਲਾਂਕਿ ਸੀਬੀਆਈ ਦੀ ਟੀਮ ਨੇ ਇਸ ਮਾਮਲੇ ਵਿਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਸੀਬੀਆਈ ਦੀ ਛਾਪੇਮਾਰੀ ਕਾਰਨ ਅਦਾਲਤੀ ਕੰਪਲੈਕਸ ਵਿਚ ਕਈ ਤਰ੍ਹਾਂ ਦੀ ਚਰਚਾ ਚੱਲਦੀ ਰਹੀ।