ਤਸਕਰ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਉਸਾਰੀ ਇਮਾਰਤ ’ਤੇ ਚੱਲਿਆ ਬੁਲਡੋਜ਼ਰ
ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਉਸਾਰੀ ਇਮਾਰਤ ’ਤੇ ਚੱਲਿਆ ਬੁਲਡੋਜ਼ਰ
Publish Date: Thu, 30 Apr 2026 04:33 PM (IST)
Updated Date: Fri, 01 May 2026 04:05 AM (IST)

ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਰਵਾਈ, ਕਈ ਨੋਟਿਸਾਂ ਦੇ ਬਾਵਜੂਦ ਕਬਜ਼ਾ ਖਾਲੀ ਨਾ ਕਰਨ ’ਤੇ ਪੁਲਿਸ ਸੁਰੱਖਿਆ ’ਚ ਕੀਤੀ ਕਾਰਵਾਈ ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਸਿਵਲ ਲਾਈਨ ਥਾਣਾ ਖੇਤਰ ਅਧੀਨ ਧੋਬੀਆਣਾ ਬਸਤੀ ਵਿੱਚ ਵੀਰਵਾਰ ਨੂੰ ਐਨਡੀਪੀਐਸ ਕੇਸ ਦੇ ਇਕ ਮੁਲਜ਼ਮ ਦੇ ਗੈਰ ਕਾਨੂੰਨੀ ਨਿਰਮਾਣ ’ਤੇ ਬੁਲਡੋਜ਼ਰ ਚਲਾਇਆ ਗਿਆ। ਇਹ ਇਮਾਰਤ ਕਮਲ ਗਰਗ ਪੁੱਤਰ ਰਮੇਸ਼ ਕੁਮਾਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀ ਗਈ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਸਬੰਧਤ ਵਿਅਕਤੀ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਕਬਜ਼ਾ ਖਾਲੀ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ-ਕਮ-ਮੈਜਿਸਟ੍ਰੇਟ ਦੇ ਹੁਕਮਾਂ ’ਤੇ ਪੁਲਿਸ ਸੁਰੱਖਿਆ ਹੇਠ ਸਿਵਲ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਨਿਰਮਾਣ ਨੂੰ ਢਾਹ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਚਾਰ ਕੇਸ ਦਰਜ ਹਨ। ਇਹ ਕਾਰਵਾਈ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੀਤੀ ਗਈ ਹੈ, ਜਿਸ ਦੇ ਅਧੀਨ ਜ਼ਿਲ੍ਹੇ ਵਿੱਚ ਲਗਾਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਮਕਾਨ ਢਾਹੁਣ ਸਮੇਂ ਅਮਨ ਸ਼ਾਂਤੀ ਬਣਾਈ ਰੱਖਣ ਲਈ ਵੱਡੀ ਗਿਣਤੀ ਪੁਲਿਸ ਫੋਰਸ ਨੂੰ ਤੈਨਾਤ ਕੀਤਾ ਗਿਆ ਸੀ। ਇਸ ਕਾਰਵਾਈ ਦੀ ਕਮਾਂਡ ਐਸਪੀ ਸਿਟੀ ਨਰਿੰਦਰ ਸਿੰਘ ਖੁਦ ਸੰਭਾਲ ਰਹੇ ਸਨ। ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਹੁਣ ਤਕ 16 ਗੈਰਕਾਨੂੰਨੀ ਨਿਰਮਾਣ ਢਾਹੇ ਜਾ ਚੁੱਕੇ ਹਨ। ਉੱਥੇ ਹੀ 1 ਮਾਰਚ 2025 ਤੋਂ ਹੁਣ ਤਕ 2418 ਮਾਮਲੇ ਦਰਜ ਕਰਕੇ 3458 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 89 ਵੱਡੇ ਤਸਕਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸਾਲ 2023 ਤੋਂ ਹੁਣ ਤਕ 87 ਮੁਲਜ਼ਮਾਂ ਦੀ ਕਰੀਬ 14 ਕਰੋੜ 21 ਲੱਖ ਰੁਪਏ ਦੀ ਸੰਪਤੀ ਫ੍ਰੀਜ਼ ਕੀਤੀ ਜਾ ਚੁੱਕੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਖ਼ਿਲਾਫ਼ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦੀ ਜਾਣਕਾਰੀ ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 ਜਾਂ 91155-02252 ’ਤੇ ਦੇਣ। ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਬਠਿੰਡਾ ਪੁਲਿਸ ਨੂੰ ਸਿਰਫ਼ ਧੋਬੀਆਣਾ ਬਸਤੀ ਹੀ ਦਿਸਦੀ ਹੈ, ਜਦੋਂ ਕਿ ਤਸਕਰਾਂ ਨੇ ਹੋਰਨਾਂ ਥਾਵਾਂ ’ਤੇ ਵੱਡੇ ਵੱਡੇ ਮਹਿਲ ਉਸਾਰ ਰੱਖੇ ਹਨ।