ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅੱਜ ਮਾਰੂਥਲ ਬਣਨ ਜਾ ਰਿਹਾ ਹੈ ਅਤੇ ਪੰਜਾਬ ਦੇ ਕੁੱਲ 138 ਬਲਾਕਾਂ ਵਿੱਚੋਂ 11 ਬਲਾਕਾਂ ਦਾ ਧਰਤੀ ਹੇਠਲਾ ਪਾਣੀ ਲਗਪਗ ਖ਼ਤਮ ਹੋਣ ਦੇ ਨਜ਼ਦੀਕ ਹੈ ਅਤੇ ਮਾਹਿਰਾਂ ਮੁਤਾਬਿਕ ਪੰਜਾਬ ਕੋਲ ਕੁਝ ਸਾਲਾਂ ਦਾ ਪਾਣੀ ਬਾਕੀ ਬਚਿਆ ਹੈ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹੀ ਵਿਸ਼ਵ ਜਲ ਦਿਵਸ ਹਰ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਪਾਣੀ ਦੀ ਮਹੱਤਤਾ ਅਤੇ ਕਿੱਲਤ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ।

ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ : ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅੱਜ ਮਾਰੂਥਲ ਬਣਨ ਜਾ ਰਿਹਾ ਹੈ ਅਤੇ ਪੰਜਾਬ ਦੇ ਕੁੱਲ 138 ਬਲਾਕਾਂ ਵਿੱਚੋਂ 11 ਬਲਾਕਾਂ ਦਾ ਧਰਤੀ ਹੇਠਲਾ ਪਾਣੀ ਲਗਪਗ ਖ਼ਤਮ ਹੋਣ ਦੇ ਨਜ਼ਦੀਕ ਹੈ ਅਤੇ ਮਾਹਿਰਾਂ ਮੁਤਾਬਿਕ ਪੰਜਾਬ ਕੋਲ ਕੁਝ ਸਾਲਾਂ ਦਾ ਪਾਣੀ ਬਾਕੀ ਬਚਿਆ ਹੈ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹੀ ਵਿਸ਼ਵ ਜਲ ਦਿਵਸ ਹਰ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਪਾਣੀ ਦੀ ਮਹੱਤਤਾ ਅਤੇ ਕਿੱਲਤ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ। ਜਿਵੇਂ ਕਿ ਕਿਹਾ ਗਿਆ ਹੈ ਕਿ ਜਲ ਹੀ ਜੀਵਨ ਹੈ ਅਤੇ ਪਾਣੀ ਦੇ ਬਿਨਾਂ ਤਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਾਡਾ ਸਰੀਰ ਵੀ ਹੱਡੀਆਂ ਅਤੇ ਮਾਸਪੇਸ਼ੀਆਂ ਸਮੇਤ 80 ਫ਼ੀਸਦੀ ਪਾਣੀ ਦਾ ਬਣਿਆ ਹੋਇਆ ਹੈ ਅਤੇ ਇਸੇ ਲਈ ਵਿਦਵਾਨਾਂ ਨੇ ਸਾਨੂੰ ਪਾਣੀ ਦਾ ਬੁਲਬਲਾ ਕਿਹਾ ਹੈ। ਵਿਸ਼ਵ ਜਲ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆ ਡਾ. ਬਿਮਲ ਸ਼ਰਮਾ ਪਿੰ੍ਸੀਪਲ-ਕਮ-ਜੁਆਇੰਟ ਡਾਇਰੈਕਟਰ ਵੈਟਰਨਰੀ ਪੋਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਨੇ ਕਿਹਾ ਕਿ ਇਹ ਦਿਨ 1993 ਵਿਚ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਪੰਜਾਬ ਦੇ ਪੰਜ ਦਰਿਆਵਾਂ ਦੀ ਧਰਤੀ ਅੱਜ ਕੱਲ੍ਹ ਡੂੰਘੇ ਸੰਕਟ ਵਿੱਚੋਂ ਲੰਘ ਰਹੀ ਹੈ। ਕੇਂਦਰੀ ਭੂ ਜਲ ਦੀ ਰਿਪੋਰਟ ਅਨੁਸਾਰ ਧਰਤੀ ਹੇਠਲੇ ਤਿੰਨ ਪੱਤਣਾਂ ਦਾ ਪਾਣੀ ਮੁੱਕਦਾ ਜਾ ਰਿਹਾ ਹੈ। ਹੁਣ ਸਾਨੂੰ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਰੋਕਣ ਦੀ ਸਖ਼ਤ ਲੋੜ ਹੈ ਕਿਉਂਕਿ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਸਿਰਫ 16-17 ਸਾਲਾਂ ਦਾ ਹੀ ਬਚਿਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਭਾਵੇਂ ਲੋਕਾਂ ਨੇ ਸ਼ੁੱਧ ਪਾਣੀ ਪੀਣ ਲਈ ਘਰਾਂ ਵਿਚ ਆਰਓ ਲਾ ਲਏ ਹਨ ਪਰ ਇਸ ਵਿਚਲੇ ਲੁੜੀਂਦੇ ਤੱਤਾਂ ਤੋਂ ਬਿਨਾਂ ਲੋਕ ਪਾਣੀ ਪੀਣ ਲਈ ਮਜਬੂਰ ਹਨ। ਮਨੁੱਖ ਨੇ ਕੁਦਰਤੀ ਸੋਮਿਆਂ ਪ੍ਰਤੀ ਬੇਹੱਦ ਲਾਪ੍ਰਵਾਹੀ ਵਰਤੀ ਹੈ ਅਤੇ ਇਨ੍ਹਾਂ ਸੋਮਿਆ ਨੂੰ ਸੰਭਾਲਣ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਦਰਿਆਵਾਂ ਦੇ ਪਾਣੀ ਨੂੰ ਖੇਤੀਬਾੜੀ ਸੈਕਟਰ ਵਿਚ ਵਰਤਣ ਦੀ ਲੋੜ ਮਹਿਸੂਸ ਨਹੀਂ ਕੀਤੀ, ਸਗੋਂ ਇਸ ਦੇ ਉਲਟ ਸੂਏ ਕੱਸੀਆਂ ਦੀ ਜ਼ਮੀਨ 'ਤੇ ਕਬਜ਼ਾ ਕਰ ਕੇ ਉਨ੍ਹਾਂ ਦੀ ਹੋਂਦ ਖ਼ਤਮ ਕਰ ਦਿੱਤੀ ਹੈ। ਧਰਤੀ ਦਾ 70 ਫ਼ੀਸਦੀ ਤੋਂ ਜਿਆਦਾ ਪਾਣੀ ਢੱਕਿਆ ਹੋਇਆ ਹੈ ਅਤੇ ਇਸ ਦਾ 96 ਫ਼ੀਸਦੀ ਹਿੱਸਾ ਮਹਾਸਾਗਰ ਵਿਚ ਹੈ। ਇਸ ਮੌਕੇ ਪੰਜਾਬ ਵਿਚ 15 ਲੱਖ ਤੋਂ ਵੱਧ ਟਿਊਬਵੈੱਲ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 14 ਲੱਖ 'ਤੇ ਬਿਜਲੀ ਦੀਆਂ ਮੋਟਰਾਂ ਅਤੇ ਬਾਕੀਆਂ 'ਤੇ ਡੀਜ਼ਲ ਇੰਜਨ ਲੱਗੇ ਹੋਏ ਹਨ। ਇਨ੍ਹਾਂ ਟਿਊਬਵੈੱਲਾਂ ਰਾਹੀਂ ਪਾਣੀ ਕੱਢਣ ਲਈ 7-12 ਹਾਰਸ ਪਾਵਰ ਤਕ ਦੀਆਂ ਮੋਟਰਾਂ ਲੱਗੀਆਂ ਹੋਈਆਂ ਹਨ ਅਤੇ ਨਜ਼ਦੀਕ ਆ ਰਹੇ ਝੋਨੇ ਦੀ ਬਿਜਾਈ ਸਮੇਂ 8-8 ਘੰਟੇ ਚੱਲਦੀਆਂ ਮੋਟਰਾਂ ਧਰਤੀ ਹੇਠਲੇ ਪਾਣੀ ਦੇ ਭੰਡਾਰ ਨੂੰ ਲਗਾਤਾਰ ਖ਼ਤਮ ਕਰ ਰਹੀਆਂ ਹਨ। ਡਾ. ਬਿਮਲ ਸ਼ਰਮਾ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਲਗਾਤਾਰ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਲੁੜੀਂਦੇ ਪ੍ਰਬੰਧ ਨਾ ਕੀਤੇ ਗਏ ਤਾਂ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਅਤੇ ਜੇਕਰ ਇਸੇ ਤਰ੍ਹਾਂ ਪਾਣੀ ਦੀ ਬਰਬਾਦੀ ਹੁੰਦੀ ਰਹੀ ਤਾਂ ਉਹ ਦਿਨ ਵੀ ਦੂਰ ਨਹੀਂ, ਜਦੋਂ ਪੰਜਾਬ ਵੀ ਲਤੂਰ ਮਹਾਰਾਸ਼ਟਰ ਅਤੇ ਕੈਪ ਟਾਊਨ ਦੱਖਣੀ ਅਫ਼ਰੀਕਾ ਵਰਗੇ ਹਾਲਾਤਾਂ ਨਾਲ ਜੂਝਣ ਲਈ ਮਜਬੂਰ ਹੋ ਜਾਵੇਗਾ। ਹੁਣ ਸਮੇਂ ਦੀ ਲੋੜ ਹੈ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨੀਤੀਆਂ ਘੜੀਆਂ ਜਾਣ। ਦਰਿਆਵਾਂ ਅਤੇ ਨਦੀਆਂ ਨੂੰ ਬਚਾਉਣਾ ਜਿੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਉੱਥੇ ਲੋਕਾਂ ਲਈ ਵੀ ਜ਼ਰੂਰੀ ਹੈ ਕਿ ਉਹ ਇਸ ਕੁਦਰਤੀ ਸੋਮੇ ਨੂੰ ਬਚਾਉਣ ਲਈ ਆਪਣਾ ਪੂਰਾ ਯੋਗਦਾਨ ਪਾਉਣ।