Bathinda News : ਭੁੱਚੋ ਮੰਡੀ 'ਚ 83.62 ਫੀਸਦੀ ਵੋਟਿੰਗ, ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵੋਟਾਂ ਦੇ ਬਕਸੇ ਚੁੱਕਣ ਦੌਰਾਨ ਹੰਗਾਮਾ
ਸਥਾਨਕ ਨਗਰ ਕੌਂਸਲ ਦੀਆਂ 13 ਵਾਰਡਾਂ ਲਈ ਮੰਗਲਵਾਰ ਨੂੰ ਹੋਈ ਵੋਟਿੰਗ ਸ਼ਾਮ 5 ਵਜੇ ਤੱਕ ਅਮਨ-ਅਮਾਨ ਨਾਲ ਸੰਪੰਨ ਹੋ ਗਈ, ਪਰ ਵੋਟਾਂ ਦੇ ਬਕਸੇ ਇਕੱਠੇ ਕਰਨ ਦੌਰਾਨ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਭੁੱਚੋ ਮੰਡੀ ਵਿੱਚ ਹੰਗਾਮੇ ਦੀ ਸਥਿਤੀ ਬਣ ਗਈ।
Publish Date: Tue, 26 May 2026 10:37 PM (IST)
Updated Date: Tue, 26 May 2026 10:40 PM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਸਥਾਨਕ ਨਗਰ ਕੌਂਸਲ ਦੀਆਂ 13 ਵਾਰਡਾਂ ਲਈ ਮੰਗਲਵਾਰ ਨੂੰ ਹੋਈ ਵੋਟਿੰਗ ਸ਼ਾਮ 5 ਵਜੇ ਤੱਕ ਅਮਨ-ਅਮਾਨ ਨਾਲ ਸੰਪੰਨ ਹੋ ਗਈ, ਪਰ ਵੋਟਾਂ ਦੇ ਬਕਸੇ ਇਕੱਠੇ ਕਰਨ ਦੌਰਾਨ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਭੁੱਚੋ ਮੰਡੀ ਵਿੱਚ ਹੰਗਾਮੇ ਦੀ ਸਥਿਤੀ ਬਣ ਗਈ। ਚੋਣਾਂ ਦੌਰਾਨ ਕੁੱਲ 83.62 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਜਾਣਕਾਰੀ ਅਨੁਸਾਰ ਵੋਟਾਂ ਖਤਮ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਾਰਡਾਂ ਦੇ ਬਕਸੇ ਇਕੱਠੇ ਕੀਤੇ ਜਾ ਰਹੇ ਸਨ। ਇਸ ਦੌਰਾਨ ਭੁੱਚੋ ਮੰਡੀ ਦੀ ਬਾਲਿਆਂ ਵਾਲੀ ਸੜਕ ਅਤੇ ਬੇਗਾ ਰੋਡ ’ਤੇ ਸਥਿਤ ਸ਼ਿਵਾਲਿਕ ਸਕੂਲ ਕੋਲ ਅਚਾਨਕ ਭਾਰੀ ਹੰਗਾਮਾ ਹੋ ਗਿਆ। ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇੱਕ ਪੁਲਿਸ ਗੱਡੀ ਦਾ ਅੱਗਲਾ ਸ਼ੀਸ਼ਾ ਵੀ ਤੋੜ ਦਿੱਤਾ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਾਰਡ ਨੰਬਰ 4 ਨਾਲ ਸੰਬੰਧਤ ਇੱਕ ਵੋਟਾਂ ਵਾਲਾ ਬਕਸਾ, ਜਿਸਨੂੰ ਇੱਕ ਗੱਡੀ ਰਾਹੀਂ ਲਿਆਂਦਾ ਗਿਆ ਸੀ, ਉਸਨੂੰ ਉਤਾਰ ਕੇ ਦੂਜੀ ਗੱਡੀ ਵਿੱਚ ਰੱਖਿਆ ਜਾ ਰਿਹਾ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਲੋਕ ਇਕੱਠੇ ਹੋ ਗਏ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ।
ਇਸ ਸਬੰਧੀ ਵਾਰਡ ਨੰਬਰ 4 ਦੇ ਉਮੀਦਵਾਰ ਦੇ ਸਮਰਥਕ ਮੋਹਨ ਲਾਲ ਪ੍ਰਧਾਨ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਜਾਣ-ਬੁੱਝ ਕੇ ਬਕਸਾ ਦੂਜੀ ਗੱਡੀ ਵਿੱਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਦੀ ਵੀਡੀਓਗ੍ਰਾਫੀ ਵੀ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਭ ਕੁਝ ਆਮ ਆਦਮੀ ਪਾਰਟੀ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ।
ਹੰਗਾਮੇ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਬਾਅਦ ਵਿੱਚ ਪ੍ਰਸ਼ਾਸਨ ਨੇ ਸਾਰੇ ਬਕਸੇ ਮੁੜ ਆਪਣੇ ਕਬਜ਼ੇ ਵਿੱਚ ਲੈ ਲਏ ਅਤੇ ਵੋਟਿੰਗ ਕਰਵਾਉਣ ਵਾਲੇ ਕਰਮਚਾਰੀਆਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ।
ਮੰਡੀ ਨਿਵਾਸੀਆਂ ਨੇ ਕਿਹਾ ਕਿ ਸਾਰਾ ਦਿਨ ਵੋਟਿੰਗ ਅਮਨ-ਅਮਾਨ ਨਾਲ ਹੋਈ ਸੀ, ਪਰ ਬਕਸਿਆਂ ਦੀ ਹੇਰਫੇਰ ਨੂੰ ਲੈ ਕੇ ਪੈਦਾ ਹੋਈ ਗਲਤਫਹਿਮੀ ਕਾਰਨ ਮਾਹੌਲ ਖਰਾਬ ਹੋਇਆ। ਲੋਕਾਂ ਨੇ ਇਸ ਲਈ ਸਿੱਧੇ ਤੌਰ ’ਤੇ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ।