ਜ਼ਿਲ੍ਹਾ ਮਾਨਸਾ ਵਿਖੇ ਜ਼ਿਲ੍ਹਾ ਪ੍ਰਧਾਨ

-ਧਰਨੇ ਦੌਰਾਨ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਕਰਨਾ ਪਿਆ ਸਾਹਮਣਾ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਬੱਸ ਅੱਡੇ ਅੱਗੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ‘ਚ ਅੱਜ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਨੇ ਉਦੋਂ ਮਾਰਚ ਕਰਨ ਉਪਰੰਤ ਧਰਨਾ ਲਗਾ ਦਿੱਤਾ,ਜਦ ਡੀਸੀ ਦਫ਼ਤਰ ਨਜ਼ਦੀਕ ਲਗਾਏ ਧਰਨੇ ਮੌਕੇ ਉਨ੍ਹਾਂ ਦਾ ਮੰਗ ਪੱਤਰ ਲੈਣ ਕੋਈ ਅਧਿਕਾਰੀ ਨਾ ਪਹੁੰਚਿਆ। ਮਾਰਚ ਕਰਕੇ ਬੱਸ ਅੱਡੇ ਅੱਗੇ ਚੌਕ ’ਚ ਲਗਾਏ ਗਏ ਧਰਨੇ ਦੌਰਾਨ ਪੁਲਿਸ ਮੁਲਾਜ਼ਮ ਵੀ ਤਾਇਨਾਤ ਹੋ ਗਏ, ਪਰ ਉਸ ਸਮੇਂ ਵਰਕਰਾਂ ਵੱਲੋਂ ਚੌਕ ਦੇ ਚਾਰੇ ਪਾਸੇ ਬੈਠ ਕੇ ਵਾਹਨਾਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਯੂਨੀਅਨ ਆਗੂਆਂ ਦੀ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਵੀ ਹੁੰਦੀ ਰਹੀ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮਾਨਸਾ ਵਿਖੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਸੀਨੀਅਰ ਪ੍ਰਧਾਨ ਬਲਵਿੰਦਰ ਕੌਰ ਮਾਨਸਾ ਅਤੇ ਜਨਰਲ ਸੈਕਟਰੀ ਕਿਰਨਜੀਤ ਕੌਰ ਟਾਲੀਆਂ ਦੀ ਅਗਵਾਈ ਦੇ ਵਿੱਚ ਆਸ਼ਾ ਵਰਕਰ ਅਤੇ ਸਬ ਫ਼ੈਸਿਲੀਟੇਟਰਾਂ ਵੱਲੋਂ ਆਪਣਾ ਧਰਨਾ ਦਿੱਤਾ ਸੀ। ਇਸ ਦੌਰਾਨ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਦੋ ਮਾਰਚ 2026 ਤੋਂ ਲੜੀਵਾਰ ਪੰਜਾਬ ਭਰ ਦੇ ਹੈੱਡ ਕੁਆਰਟਰਾਂ ਤੇ ਰੋਸ ਪ੍ਰਦਰਸ਼ਨ ਲਗਾਤਾਰ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਮਾਨਸਾ ’ਚ ਇਹ ਧਰਨਾ ਦਿੱਤਾ ਗਿਆ ਹੈ ਅਤੇ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਮਿਨੀਮਮ ਬੇਜਜ਼ ਘੱਟੋ ਘੱਟ 24 ਹਜ਼ਾਰ ਰੁਪਏ ਤਨਖ਼ਾਹ ਦੇ ਦਾਇਰੇ ਵਿੱਚ ਲੈਣਾ ਅਤੇ ਪੰਜਾਬ ਸਰਕਾਰ 25 ਅਨੁਨੇਰੀਅਮ ਨੂੰ ਵਿਧੀ ਇੰਕਰੀਮੈਂਟ ਡਬਲ ਕੀਤਾ ਜਾਵੇ, ਆਸ਼ਾ ਵਰਕਰਾਂ ਦੇ ਕੱਟੇ ਪੱਤੇ ਬਹਾਲ ਕੀਤੇ ਜਾਣ, ਆਸਾ ਫ਼ੈਸਲੀਟੇਟਰਾਂ ਦੇ ਟੂਰ ਮਨੀ ਡਬਲ ਕੀਤੀ ਜਾਵੇ ਅਤੇ 25 ਟੂਰ ਕੀਤੇ ਜਾਣ, ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਰੈਗੂਲਰ ਗਰੇਡ ਦਿੱਤੇ ਜਾਣ ਤੋਂ ਇਲਾਵਾ ਸੇਵਾ ਮੁਕਤ ਹੋਈਆਂ ਵਰਕਰਾਂ ਨੂੰ ਰਿਲੀਫ਼ ਫੰਡ ਦਿੱਤਾ ਜਾਵੇ ਅਤੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਇਸ ਦੇ ਇਲਾਵਾ ਹੋਰ ਬਹੁਤ ਜਾਇਜ਼ ਮੰਗਾਂ ਲਈ ਲਗਾਤਾਰ ਪੰਜਾਬ ਪੱਧਰ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਧਰਨਾ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿੱਤਾ ਗਿਆ ਸੀ, ਪਰ ਕੋਈ ਵੀ ਅਧਿਕਾਰੀ ਮੰਗ ਪੱਤਰ ਲੈਣ ਨਾ ਪਹੁੰਚੇ। ਇਸ ਦੇ ਰੋਸ ਵੱਜੋਂ ਹੀ ਰੋਸ ਮਾਰਚ ਕਰਨ ਲਈ ਮਜ਼ਬੂਰ ਹੋਣਾ ਪਿਆ। ਫ਼ਿਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ’ਚ ਧਰਨਾ ਲਗਾਇਆ।
ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਸਨ ਕਿ ਲੋਕ ਦੁਖੀ ਹੋਣ। ਉਨ੍ਹਾਂ ਕਿਹਾ ਕਿ ਹੁਣ ਅਧਿਕਾਰੀਆਂ ਵੱਲੋਂ ਮੰਗ ਪੱਤਰ ਲੈ ਕੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮੰਗ ਪੱਤਰ ’ਚ ਸ਼ਾਮਲ ਮੰਗਾਂ ਦਾ ਨਿਪਟਾਰਾ ਪੰਜਾਬ ਸਰਕਾਰ ਵੱਲੋਂ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਅਤੇ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਰੀਨਾ ਬੇਗਮ, ਜਸਵੀਰ ਕੌਰ ਖਿਆਲਾ, ਬਲਜੀਤ ਕੌਰ ਮੋਫ਼ਰ, ਜਸਵੀਰ ਕੌਰ ਫੱਤਾ, ਸੁਦੇਸ਼ ਕੁਮਾਰੀ, ਜਸਵੀਰ ਕੌਰ ਉੱਭਾ, ਦਲਜੀਤ ਕੌਰ ਰੱਲਾ, ਗੁਰਧਿਆਨ ਕੌਰ, ਜਗਪਾਲ ਕੌਰ, ਵੀਰਪਾਲ ਕੌਰ ਬਰੇਟਾ, ਨੀਲਮ ਰਾਣੀ, ਪਰਮਜੀਤ ਮੌਜੀਆ, ਬਲਜੀਤ ਕੌਰ ਮਾਨਸਾ, ਰਾਜਵੀਰ ਕੌਰ, ਕੁਲਦੀਪ ਕੌਰ ਬੁਢਲਾਡਾ, ਅਮਨਦੀਪ ਕੌਰ ਅਜੀਤਪਾਲ ਕੌਰ ਆਦਿ ਮੌਜੂਦ ਸਨ।