ਵਜ਼ੀਫ਼ਾ ਪ੍ਰੀਖਿਆ ’ਚ ਵਿਦਿਆਰਥੀਆਂ ਨੇ ਲਿਆ ਹਿੱਸਾ
ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ
Publish Date: Sun, 17 May 2026 06:19 PM (IST)
Updated Date: Mon, 18 May 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਜੀਐਨਸੀਈਟੀ 2026 ਵਜ਼ੀਫ਼ਾ ਪ੍ਰੀਖਿਆ ਕਰਵਾਈ। 1800 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸੰਸਥਾ ਨੇ ਹਮੇਸ਼ਾ ਹੀ ਉਚੇਰੀ ਸਿੱਖਿਆ ਪ੍ਰਤੀ ਸਮੱਰਪਿਤ ਭਾਵਨਾ ਨਾਲ ਕਾਰਜ ਕੀਤਾ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਕਰਵਾਈ ਗਈ ਵਜ਼ੀਫ਼ਾ ਪ੍ਰੀਖਿਆ ਵਿੱਚ ਪੰਜਾਬ ਭਰ ’ਚੋਂ 1800 ਤੋਂ ਵੱਧ ਵਿਦਿਆਰਥੀ ਸ਼ਾਮਿਲ ਹੋਏ। ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀਬੀਐੱਸਈ ਵੱਲੋਂ ਐਲਾਨੇ ਨਤੀਜਿਆਂ ਦੀ ਮੈਰਿਟ ਲਿਸਟ ਵਿੱਚ ਆਏ ਵਿਦਿਆਰਥੀਆਂ ਨੇ ਵੀ ਪ੍ਰੀਖਿਆ ਨੂੰ ਵਿਸ਼ੇਸ਼ ਤੌਰ ਤੇ ਪਹਿਲ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲੇ ਰਾਊਂਡ ਦੀ ਪ੍ਰੀਖਿਆ ਸੀ, ਜਿਹੜੇ ਵਿਦਿਆਰਥੀ ਕਿਸੇ ਕਾਰਨ ਅੱਜ ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਦੁਆਰਾ ਮੌਕਾ ਦਿੱਤਾ ਜਾਵੇਗਾ। ਵਜ਼ੀਫ਼ਾ ਪ੍ਰੀਖਿਆ ਦੇ ਕੋਆਰਡੀਨੇਟਰ ਡਾ. ਨੀਤਿਕਾ, ਪ੍ਰੋ. ਰਮਨਦੀਪ ਸਿੰਘ ਅਤੇ ਪ੍ਰੋ. ਗੁਰਦੀਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੀ ਸਾਡੀ ਸੰਸਥਾ ਦੀ ਪਹਿਲਕਦਮੀ ਇਲਾਕੇ ਦੇ ਸੈਂਕੜੇ ਪਰਿਵਾਰਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੇਗੀ। ਵਜ਼ੀਫ਼ਾ ਪ੍ਰੀਖਿਆ ਦਾ ਨਤੀਜਾ ਜਲਦੀ ਘੋਸ਼ਿਤ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀ ਸਮੇਂ ਸਿਰ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਵਿੱਚ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਅਤੇ ਬੋਰਡ ਦੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੇ ਪੇਪਰ ਨੂੰ ਤਰਜ਼ੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦ ਉਚੇਰੀ ਸਿੱਖਿਆ ਪ੍ਰਤੀ ਚਿੰਤਤ ਹਾਂ। ਇਹ ਉਤਸ਼ਾਹ ਅਤੇ ਮਾਪਿਆਂ ਦੀ ਸਕਾਰਾਤਮਕ ਪਹੁੰਚ ਦੱਸਦੀ ਹੈ ਕਿ ਉਨ੍ਹਾਂ ਨੂੰ ਇਸ ਸਮੇਂ ਚੰਗੇ ਵਿਦਿਅਕ ਅਦਾਰਿਆਂ ਦੀ ਜ਼ਰੂਰਤ ਹੈ, ਜਿਹੜੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰੱਖ ਸਕਣ। ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰੀਖਿਆਵਾਂ ਵਿਦਿਆਰਥੀਆਂ ’ਚ ਉਤਸ਼ਾਹ ਭਰਦੀਆਂ ਹਨ। ਬਾਰ੍ਹਵੀਂ ਪਾਸ ਕਰਨ ਬਾਅਦ ਵਿਦਿਆਰਥੀ ਅਕਸਰ ਦੁਵਿਧਾ ਵਿੱਚ ਹੁੰਦੇ ਹਨ, ਪਰ ਅੱਜ ਜਦੋਂ ਅਸੀਂ ਇੱਥੇ ਪ੍ਰਬੰਧਕਾਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਤਾਂ ਸਾਨੂੰ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਜ਼ਰ ਆਇਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼, ਮਾਪੇ, ਇਲਾਕੇ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।