ਬੀਤੀ 26 ਮਈ ਨੂੰ ਜ਼ਿਲ੍ਹਾ ਮਾਨਸਾ ਦੀਆਂ 3

- 5 ਗਿਣਤੀ ਕੇਂਦਰ ਸਥਾਪਤ, ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ 8 ਵਜੇ ਸ਼ੁਰੂ ਹੋਵੇਗੀ ਗਿਣਤੀ
- ਜ਼ਿਲ੍ਹਾ ਚੋਣ ਅਫ਼ਸਰ ਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਰਿਟਰਨਿੰਗ ਅਫ਼ਸਰਾਂ ਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ
- ਗਿਣਤੀ ਕੇਂਦਰਾਂ ਦੇ ਅੰਦਰ ਮੋਬਾਈਲ ਫੋਨ ਲੈ ਕੇ ਜਾਣ ’ਤੇ ਮੁਕੰਮਲ ਪਾਬੰਦੀ, ਸੀਸੀਟੀਵੀ ਰਾਹੀਂ ਰੱਖੀ ਜਾਵੇਗੀ ਤਿੱਖੀ ਨਜ਼ਰ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਜ਼ਿਲ੍ਹਾ ਮਾਨਸਾ ਦੀਆਂ 3 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਵਿੱਚ ਪਈਆਂ ਵੋਟਾਂ ਦੀ 29 ਮਈ ਨੂੰ ਹੋਣ ਵਾਲੀ ਗਿਣਤੀ ਲਈ ਪ੍ਰਸ਼ਾਸਨ ਵੱਲੋਂ ਸਾਰੇ ਲੁੜੀਂਦੇ ਅਤੇ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਦਾਅਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਸਮੇਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਰਿਟਰਨਿੰਗ ਅਫ਼ਸਰਾਂ, ਐਸਪੀਜ਼ ਤੇ ਡੀਐੱਸਪੀਜ਼ ਨਾਲ ਅਹਿਮ ਸਮੀਖਿਆ ਮੀਟਿੰਗ ਕਰਦਿਆਂ ਦਿੱਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਦੀ ਇੰਨ੍ਹ ਬਿੰਨ੍ਹ ਪਾਲਣਾ ਯਕੀਨੀ ਬਣਾਉਣ ਦੇ ਸਖ਼ਤ ਆਦੇਸ਼ ਦਿੱਤੇ ਤਾਂ ਜੋ ਗਿਣਤੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ। ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਜ਼ਿਲ੍ਹੇ ਅੰਦਰ 5 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿਚ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਨਗਰ ਕੌਂਸਲ ਮਾਨਸਾ ਅਤੇ ਨਗਰ ਪੰਚਾਇਤ ਜੋਗਾ ਵਿੱਚ ਪਈਆਂ ਵੋਟਾਂ ਦੀ ਗਿਣਤੀ ਲਈ ਵੱਖ ਵੱਖ ਕੇਂਦਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨਾ ਕਾਲਜ ਆਫ਼ ਫ਼ਾਰਮੇਸੀ ਰੱਲੀ, ਸ਼ਹੀਦ ਨੰਦ ਸਿੰਘ ਸਰਕਾਰੀ ਪੋਲੀਟੈਕਨਿਕ ਕਾਲਜ ਬਰੇਟਾ, ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ ਬੋਹਾ ਵਿਖੇ ਵੀ ਗਿਣਤੀ ਕੇਂਦਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗਿਣਤੀ ਦਾ ਕੰਮ 29 ਮਈ ਨੂੰ ਸਵੇਰੇ 8 ਵਜੇ ਸ਼ੁਰੂ ਕਰ ਦਿੱਤਾ ਜਾਵੇਗਾ। ਜ਼ਿਲ੍ਹਾ ਪੁਲਿਸ ਮੁਖੀ ਨੇ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਬਾਰੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਦੱਸਿਆ ਕਿ ਸਾਰੇ ਗਿਣਤੀ ਕੇਂਦਰਾਂ ਦੇ ਬਾਹਰ ਅਤੇ ਅੰਦਰ ਪੁਲਿਸ ਪ੍ਰਸ਼ਾਸਨ ਵੱਲੋਂ ਮਜ਼ਬੂਤ ਸੁਰੱਖਿਆ ਘੇਰਾ ਲਾਗੂ ਕੀਤਾ ਜਾਵੇਗਾ। ਬਿਨ੍ਹਾਂ ਅਧਿਕਾਰਤ ਪਛਾਣ ਪੱਤਰ ਦੇ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਗਿਣਤੀ ਹਾਲ ਦੇ ਅੰਦਰ ਮੋਬਾਈਲ ਫ਼ੋਨ, ਆਈ ਪੈਡ, ਲੈਪਟਾਪ ਜਾਂ ਕੋਈ ਵੀ ਇਲੈਕਟ੍ਰਾਨਿਕ ਯੰਤਰ ਲੈ ਕੇ ਜਾਣ ’ਤੇ ਪੂਰਨ ਪਾਬੰਦੀ ਰਹੇਗੀ।
ਪੂਰੀ ਗਿਣਤੀ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਬਰਕਰਾਰ ਰੱਖਣ ਲਈ ਹਰੇਕ ਕੇਂਦਰ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਗਿਣਤੀ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਸਮੂਹ ਸਿਆਸੀ ਪਾਰਟੀਆਂ, ਉਮੀਦਵਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟਾਂ ਦੀ ਗਿਣਤੀ ਅਮਲ ਨੂੰ ਸਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਅਤੇ ਗਿਣਤੀ ਕੇਂਦਰਾਂ ਦੇ ਆਲੇ ਦੁਆਲੇ ਬੇਲੋੜੀ ਭੀੜ ਨਾ ਕਰਨ।