ਅਕਾਲੀ ਦਲ ਦਾ ਪਲੜਾ ਭਾਰੀ, ਅਕਾਲੀ ਦਲ ਦੇ 6 ਜੇਤੂ
ਸਥਾਨਕ ਨਗਰ ਕੌਂਸਲ ਭੁੱਚੋ ਮੰਡੀ ਦੀਆਂ ਚੋਣਾਂ ਦੇ ਆਏ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਆਪਣਾ ਨਿਰੋਲ ਪ੍ਰਧਾਨ ਬਣਾਉਣ ਲਈ ਲੋੜੀਂਦਾ ਬਹੁਮਤ ਹਾਸਲ ਨਹੀਂ ਹੋ ਸਕਿਆ। 13 ਵਾਰਡਾਂ ਵਾਲੀ ਨਗਰ ਕੌਂਸਲ ਵਿੱਚ ਅਕਾਲੀ ਦਲ (ਬਾਦਲ) ਨੇ ਸਭ ਤੋਂ ਵੱਧ 6 ਸੀਟਾਂ ਜਿੱਤ ਕੇ ਆਪਣਾ ਪਲੜਾ ਭਾਰੀ ਰੱਖਿਆ, ਜਦਕਿ ਕਾਂਗਰਸ ਨੂੰ 3, ਆਜ਼ਾਦ ਉਮੀਦਵਾਰਾਂ ਨੂੰ 3 ਤੇ ਆਮ ਆਦਮੀ ਪਾਰਟੀ ਨੂੰ ਸਿਰਫ਼ ਇੱਕ ਸੀਟ ਮਿਲੀ।
Publish Date: Fri, 29 May 2026 08:20 PM (IST)
Updated Date: Sat, 30 May 2026 04:06 AM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ ਸਥਾਨਕ ਨਗਰ ਕੌਂਸਲ ਭੁੱਚੋ ਮੰਡੀ ਦੀਆਂ ਚੋਣਾਂ ਦੇ ਆਏ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਆਪਣਾ ਨਿਰੋਲ ਪ੍ਰਧਾਨ ਬਣਾਉਣ ਲਈ ਲੋੜੀਂਦਾ ਬਹੁਮਤ ਹਾਸਲ ਨਹੀਂ ਹੋ ਸਕਿਆ। 13 ਵਾਰਡਾਂ ਵਾਲੀ ਨਗਰ ਕੌਂਸਲ ਵਿੱਚ ਅਕਾਲੀ ਦਲ (ਬਾਦਲ) ਨੇ ਸਭ ਤੋਂ ਵੱਧ 6 ਸੀਟਾਂ ਜਿੱਤ ਕੇ ਆਪਣਾ ਪਲੜਾ ਭਾਰੀ ਰੱਖਿਆ, ਜਦਕਿ ਕਾਂਗਰਸ ਨੂੰ 3, ਆਜ਼ਾਦ ਉਮੀਦਵਾਰਾਂ ਨੂੰ 3 ਤੇ ਆਮ ਆਦਮੀ ਪਾਰਟੀ ਨੂੰ ਸਿਰਫ਼ ਇੱਕ ਸੀਟ ਮਿਲੀ। ਕਿਸੇ ਵੀ ਪਾਰਟੀ ਕੋਲ 7 ਮੈਂਬਰਾਂ ਦਾ ਜਾਦੂਈ ਅੰਕੜਾ ਨਹੀਂ ਪਹੁੰਚ ਸਕਿਆ, ਜਿਸ ਕਾਰਨ ਹੁਣ ਪ੍ਰਧਾਨਗੀ ਲਈ ਰਲਵੇ-ਮਿਲਵੇ ਦੀ ਸਿਆਸਤ ਦੇ ਚਰਚੇ ਸ਼ੁਰੂ ਹੋ ਗਏ ਹਨ। ਚੋਣ ਨਤੀਜਿਆਂ ਮੁਤਾਬਕ ਵਾਰਡ ਨੰਬਰ-1 ਤੋਂ ‘ਆਪ’ ਦੇ ਪ੍ਰਿੰਸ ਗੋਲਣ ਨੇ ਆਪਣੇ ਵਿਰੋਧੀਆਂ ਨੂੰ 34 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 2 ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਨਰਦੀਪ ਗਰਗ ਨੇ 225 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਅੰਜਲੀ ਗਰਗ 93 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 4 ਤੋਂ ਅਕਾਲੀ ਦਲ ਦੇ ਬੰਟੀ ਕੁਮਾਰ ਨੇ 89 ਵੋਟਾਂ ਨਾਲ ਬਾਜ਼ੀ ਮਾਰੀ। ਵਾਰਡ ਨੰਬਰ 5 ਤੋਂ ਅਕਾਲੀ ਦਲ ਦੀ ਜਸਵਿੰਦਰ ਕੌਰ ਨੇ ਸਭ ਤੋਂ ਵੱਡੀ ਲੀਡ 348 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ 6 ਤੋਂ ਅਕਾਲੀ ਦਲ ਦੇ ਸਾਧੂ ਰਾਮ ਸ਼ਰਮਾ 82 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 7 ਤੋਂ ਕਾਂਗਰਸ ਦੇ ਆਤਮਾ ਸਿੰਘ ਨੇ 61 ਵੋਟਾਂ ਨਾਲ ਜਿੱਤ ਦਰਜ ਕੀਤੀ। ਵਾਰਡ ਨੰਬਰ 8 ਤੋਂ ਕਾਂਗਰਸ ਦੀ ਨੀਨਾ ਬਾਂਸਲ, ਜੋ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜੋਨੀ ਬਾਂਸਲ ਦੀ ਧਰਮ ਪਤਨੀ ਹਨ, ਨੇ 236 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ 9 ਤੋਂ ਅਕਾਲੀ ਦਲ ਦੀ ਪੰਮੀ 183 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 10 ਤੋਂ ਕਾਂਗਰਸ ਦੇ ਸੰਦੀਪ ਸਿੰਘ ਸਭ ਤੋਂ ਘੱਟ 15 ਵੋਟਾਂ ਦੇ ਫਰਕ ਨਾਲ ਜਿੱਤੇ। ਵਾਰਡ ਨੰਬਰ 11 ਤੋਂ ਅਕਾਲੀ ਦਲ ਦੀ ਸੁਨੀਤਾ ਬਾਂਸਲ 189 ਵੋਟਾਂ ਨਾਲ ਜਿੱਤੀ। ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਸੰਤੋਖ ਸਿੰਘ ਜੁਗਨੂੰ 63 ਵੋਟਾਂ ਨਾਲ ਜੇਤੂ ਰਹੇ, ਜਦਕਿ ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਰੁਪਿੰਦਰ ਕੌਰ ਨੇ 199 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। -ਬਾਕਸ- -ਇੱਕੋ ਘਰ ਵਿੱਚ ਇਕੱਠੀ ਆਈ ਖੁਸ਼ੀ ਤੇ ਗ਼ਮੀ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦੌਰਾਨ ਇੱਕੋ ਪਰਿਵਾਰ ਵਿੱਚ ਖੁਸ਼ੀ ਅਤੇ ਗਮੀ ਇਕੱਠੀ ਵੇਖਣ ਨੂੰ ਮਿਲੀ। ਆਮ ਆਦਮੀ ਪਾਰਟੀ ਦੇ ਸਿਟੀ ਪ੍ਰਧਾਨ ਪ੍ਰਿੰਸ ਗੋਲਣ ਅਤੇ ਉਨ੍ਹਾਂ ਦੀ ਧਰਮ ਪਤਨੀ ਵੱਖ-ਵੱਖ ਵਾਰਡਾਂ ਤੋਂ ਚੋਣ ਮੈਦਾਨ ਵਿੱਚ ਸਨ। ਪਿਛਲੀਆਂ ਚੋਣਾਂ ਵਿੱਚ ਇਹ ਜੋੜਾ ਇਕੱਠੇ ਜਿੱਤਿਆ ਸੀ, ਪਰ ਇਸ ਵਾਰ ਪ੍ਰਿੰਸ ਗੋਲਣ ਨੇ ਜਿੱਤ ਦਰਜ ਕੀਤੀ ਜਦਕਿ ਉਨ੍ਹਾਂ ਦੀ ਪਤਨੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰਿਵਾਰ ਅਤੇ ਸਮਰਥਕਾਂ ਵੱਲੋਂ ਦੋਵਾਂ ਦੇ ਗਲਾਂ ਵਿੱਚ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਘਰ ਵਿੱਚ ਇਕ ਪਾਸੇ ਜਿੱਤ ਦੀ ਖੁਸ਼ੀ ਸੀ ਤਾਂ ਦੂਜੇ ਪਾਸੇ ਹਾਰ ਦੀ ਨਿਰਾਸ਼ਾ ਵੀ ਸਾਫ਼ ਦਿਖਾਈ ਦਿੱਤੀ।