- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਨਾਲ ਹੀ ਨੱਡਾ ਨੇ ਦੂਜੇ ਹਾਈ ਐਨਰਜੀ ਲੀਨੀਅਰ ਐਕਸਲੇਰੇਟਰ ਦਾ ਵੀ ਉਦਘਾਟਨ ਕੀਤਾ। ਇਹ ਮਸ਼ੀਨ ਕੈਂਸਰ ਦੇ ਮਰੀਜ਼ਾਂ ਨੂੰ ਆਧੁਨਿਕ ਰੇਡੀਓਥੈਰੇਪੀ ਇਲਾਜ ਮੁਹੱਈਆ ਕਰਵਾਉਣ ਵਿੱਚ ਸਹਾਇਕ ਸਾਬਤ ਹੋਵੇਗੀ। ਮਾਹਿਰਾਂ ਅਨੁਸਾਰ ਇਸ ਨਾਲ ਕੈਂਸਰ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਧਿਆਨ ’ਚ ਰੱਖਦਿਆਂ ਇਲਾਜ ਦੀ ਸਮਰੱਥਾ ’ਚ ਵੱਡਾ ਵਾਧਾ ਹੋਵੇਗਾ ਤੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇਗਾ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਤੇ ਆਲੇ-ਦੁਆਲੇ ਦੇ ਸੂਬਿਆਂ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਅ ਰਹੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਲਈ ਮੰਗਲਵਾਰ ਦਾ ਦਿਨ ਇਤਿਹਾਸਕ ਤੇ ਯਾਦਗਾਰੀ ਸਾਬਤ ਹੋਇਆ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਜੇਪੀ ਨੱਡਾ ਨੇ ਏਮਜ਼ ਦੇ ਦੂਜੇ ਕਨਵੋਕੇਸ਼ਨ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਈ ਅਤਿ-ਆਧੁਨਿਕ ਸਿਹਤ ਸਹੂਲਤਾਂ ਦਾ ਉਦਘਾਟਨ ਕੀਤਾ ਤੇ ਸੰਸਥਾ ਵੱਲੋਂ ਸਿਹਤ ਸੇਵਾਵਾਂ, ਮੈਡੀਕਲ ਸਿੱਖਿਆ ਤੇ ਖੋਜ ਦੇ ਖੇਤਰ ’ਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਆਪਣੇ ਦੌਰੇ ਦੌਰਾਨ ਕੇਂਦਰੀ ਮੰਤਰੀ ਨੇ ਅਤਿ-ਆਧੁਨਿਕ ਪੀਈਟੀ-ਸੀਟੀ ਸਕੈਨ ਸੈਂਟਰ ਦਾ ਉਦਘਾਟਨ ਕੀਤਾ, ਜੋ ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਤੇ ਸਹੀ ਇਲਾਜ ਲਈ ਅਹਿਮ ਮੰਨਿਆ ਜਾਂਦਾ ਹੈ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਪੰਜਾਬ, ਹਰਿਆਣਾ, ਰਾਜਸਥਾਨ ਤੇ ਹੋਰ ਨੇੜਲੇ ਇਲਾਕਿਆਂ ਦੇ ਮਰੀਜ਼ਾਂ ਨੂੰ ਹੁਣ ਦੂਰ-ਦੁਰਾਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਉਨ੍ਹਾਂ ਨੂੰ ਇਕੋ ਹੀ ਛੱਤ ਹੇਠਾਂ ਉੱਚ ਪੱਧਰੀ ਜਾਂਚ ਤੇ ਇਲਾਜ ਦੀ ਸਹੂਲਤ ਮਿਲੇਗੀ। ਇਸ ਨਾਲ ਹੀ ਨੱਡਾ ਨੇ ਦੂਜੇ ਹਾਈ ਐਨਰਜੀ ਲੀਨੀਅਰ ਐਕਸਲੇਰੇਟਰ ਦਾ ਵੀ ਉਦਘਾਟਨ ਕੀਤਾ। ਇਹ ਮਸ਼ੀਨ ਕੈਂਸਰ ਦੇ ਮਰੀਜ਼ਾਂ ਨੂੰ ਆਧੁਨਿਕ ਰੇਡੀਓਥੈਰੇਪੀ ਇਲਾਜ ਮੁਹੱਈਆ ਕਰਵਾਉਣ ਵਿੱਚ ਸਹਾਇਕ ਸਾਬਤ ਹੋਵੇਗੀ। ਮਾਹਿਰਾਂ ਅਨੁਸਾਰ ਇਸ ਨਾਲ ਕੈਂਸਰ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਧਿਆਨ ’ਚ ਰੱਖਦਿਆਂ ਇਲਾਜ ਦੀ ਸਮਰੱਥਾ ’ਚ ਵੱਡਾ ਵਾਧਾ ਹੋਵੇਗਾ ਤੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇਗਾ।
ਬੱਚਿਆਂ ਦੀ ਸਿਹਤ ਸੰਭਾਲ ਦੇ ਖੇਤਰ ’ਚ ਵੀ ਏਮਜ਼ ਬਠਿੰਡਾ ਨੇ ਮਹੱਤਵਪੂਰਨ ਕਦਮ ਚੁੱਕਿਆ ਹੈ। ਕੇਂਦਰੀ ਸਿਹਤ ਮੰਤਰੀ ਨੇ ਚਾਈਲਡ ਡਿਵੈਲਪਮੈਂਟ ਐਂਡ ਅਰਲੀ ਇੰਟਰਵੈਂਸ਼ਨ ਸੈਂਟਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਖੇਤਰ ’ਚ ਆਪਣੀ ਕਿਸਮ ਦਾ ਇਹ ਪਹਿਲਾ ਕੇਂਦਰ ਬੱਚਿਆਂ ’ਚ ਵਿਕਾਸ ਸਬੰਧੀ ਸਮੱਸਿਆਵਾਂ, ਮਾਨਸਿਕ ਵਿਕਾਸ ਵਿੱਚ ਕਮੀ, ਸੁਣਨ ਤੇ ਬੋਲਣ ਦੀਆਂ ਦਿੱਕਤਾਂ ਸਮੇਤ ਹੋਰ ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਅਤੇ ਇਲਾਜ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਮਿਲਣ ਦੀ ਆਸ ਜਤਾਈ ਜਾ ਰਹੀ ਹੈ।
ਇਸ ਮੌਕੇ ਨੱਡਾ ਨੇ ਬਰਨਜ਼ ਆਈਸੀਯੂ ਦਾ ਵੀ ਉਦਘਾਟਨ ਕੀਤਾ। ਗੰਭੀਰ ਤੌਰ ’ਤੇ ਸੜਨ ਵਾਲੇ ਮਰੀਜ਼ਾਂ ਲਈ ਬਣਾਈ ਇਹ ਵਿਸ਼ੇਸ਼ ਇਕਾਈ ਆਧੁਨਿਕ ਸਾਜੋ-ਸਾਮਾਨ ਤੇ ਮਾਹਿਰ ਡਾਕਟਰਾਂ ਨਾਲ ਲੈਸ ਹੈ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਗੰਭੀਰ ਹਾਦਸਿਆਂ ਦਾ ਸ਼ਿਕਾਰ ਹੋਏ ਮਰੀਜ਼ਾਂ ਨੂੰ ਬਿਹਤਰ ਇਲਾਜ ਤੇ ਦੇਖਭਾਲ ਮਿਲੇਗੀ। ਵਿਦਿਆਰਥੀਆਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਧਿਆਨ ’ਚ ਰੱਖਦਿਆਂ ਕੇਂਦਰੀ ਮੰਤਰੀ ਨੇ ਜਿਮਨੇਜ਼ੀਅਮ ਤੇ ਵੈਲਨੈੱਸ ਸੈਂਟਰ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਡਾਕਟਰੀ ਪੇਸ਼ੇ ਨਾਲ ਜੁੜੇ ਵਿਦਿਆਰਥੀਆਂ ਅਤੇ ਸਿਹਤ ਕਰਮਚਾਰੀਆਂ ਲਈ ਤੰਦਰੁਸਤ ਸਰੀਰ ਤੇ ਮਜ਼ਬੂਤ ਮਨ ਬਹੁਤ ਜ਼ਰੂਰੀ ਹੈ ਅਤੇ ਇਸ ਤਰ੍ਹਾਂ ਦੀਆਂ ਸਹੂਲਤਾਂ ਉਨ੍ਹਾਂ ਦੀ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਸਹਾਇਕ ਸਾਬਤ ਹੋਣਗੀਆਂ। ਉਦਘਾਟਨੀ ਸਮਾਗਮ ਉਪਰੰਤ ਏਮਜ਼ ਬਠਿੰਡਾ ਦਾ ਦੂਜਾ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ, ਜਿਸ ’ਚ ਡਾਕਟਰੀ ਤੇ ਹੋਰ ਸਿਹਤ ਸਬੰਧੀ ਕੋਰਸਾਂ ਦੀ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ ਗਏ। ਆਪਣੇ ਸੰਬੋਧਨ ਦੌਰਾਨ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਨਵੇਂ ਡਾਕਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਡੀਕਲ ਪੇਸ਼ਾ ਸਿਰਫ਼ ਇਕ ਨੌਕਰੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਵੱਡਾ ਮਾਧਿਅਮ ਹੈ। ਏਮਜ਼ ਬਠਿੰਡਾ ਦੀ ਪ੍ਰਧਾਨ ਪ੍ਰੋ. ਡਾ. ਨੀਰਜਾ ਭਾਟਲਾ ਨੇ ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ।
ਇਸ ਮੌਕੇ ਏਮਜ਼ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. (ਡਾ.) ਰਤਨ ਗੁਪਤਾ ਨੇ ਸੰਸਥਾ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਮਰੀਜ਼ਾਂ ਦੀ ਦੇਖਭਾਲ, ਖੋਜ-ਕਾਰਜਾਂ, ਨਵੀਆਂ ਸਿਹਤ ਸਹੂਲਤਾਂ ਅਤੇ ਅਕਾਦਮਿਕ ਉਪਲਬਧੀਆਂ ਬਾਰੇ ਵਿਸਥਾਰ ਨਾਲ ਦੱਸਿਆ। ਸਮਾਗਮ 'ਚ ਵਿਜੈ ਨੇਹਰਾ, ਵਧੀਕ ਸਕੱਤਰ, ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ, ਪ੍ਰੋ. ਰਾਜੀਵ ਆਹੂਜਾ ਡਾਇਰੈਕਟਰ, ਆਈਆਈਟੀ ਰੋਪੜ, ਡਾ. ਯੋਗੇਂਦਰ ਮਲਿਕ, ਪ੍ਰੋ. ਕਮਲੇਸ਼ ਉਪਾਧਿਆਏ ਸਮੇਤ ਵਿਦਿਆਰਥੀਆਂ ਦੇ ਮਾਪਿਆਂ, ਫੈਕਲਟੀ ਮੈਂਬਰਾਂ, ਸਿਹਤ ਮਾਹਿਰਾਂ ਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਹਸਤੀਆਂ ਮੌਜੂਦ ਸਨ।