ਭਾਕਿਯੂ ਉਗਰਾਹਾਂ ਵੱਲੋਂ ਖੇਤੀਬਾੜੀ ਮੁਲਾਜ਼ਮਾਂ ਦਾ ਘਿਰਾਓ
ਮਾਨਸਾ ਨੇੜਲੇ ਪਿੰਡ ਬਰਨਾਲਾ ਵਿਖੇ ਸ਼ੱਕ
Publish Date: Sat, 02 May 2026 05:51 PM (IST)
Updated Date: Sun, 03 May 2026 04:11 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਮਾਨਸਾ ਨੇੜਲੇ ਪਿੰਡ ਬਰਨਾਲਾ ਵਿਖੇ ਸ਼ੱਕ ਦੇ ਅਧਾਰ ਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲੱਗਣ ਦੀ ਲੋਕੇਸ਼ਨ ਚੈੱਕ ਕਰਨ ਆਏ ਖੇਤੀਬਾੜੀ ਮਹਿਕਮੇ ਦੇ ਏਡੀਓ ਹਰਮਨਦੀਪ ਸਿੰਘ, ਟਿਊਬਵੈਲ ਕਾਰਪੋਰੇਸ਼ਨ ਦੇ ਐਸਡੀਓ ਸਤੀਸ਼ ਗਰਗ ਅਤੇ ਜੇਈ ਗੁਰਦੀਪ ਸਿੰਘ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਘਿਰਾਓ ਕਰ ਲਿਆ ਗਿਆ। ਜੱਥੇਬੰਦੀ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਅਤੇ ਭਾਨ ਸਿੰਘ ਬਰਨਾਲਾ ਨੇ ਦੱਸਿਆ ਕਿ ਜਿਸ ਕਿਸਾਨ ਦੀ ਜ਼ਮੀਨ ਦੀ ਲੋਕੇਸ਼ਨ ਚੈੱਕ ਕਰਨ ਅਧਿਕਾਰੀ ਆਏ ਸਨ। ਉਸ ਜ਼ਮੀਨ ਵਿੱਚ ਨਾੜ ਨੂੰ ਕੋਈ ਅੱਗ ਨਹੀਂ ਲੱਗੀ ਹੋਈ ਸੀ, ਸਗੋਂ ਜ਼ਮੀਨ ਨੂੰ ਪਾਣੀ ਲੱਗਿਆ ਹੋਇਆ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਚੇ ਪਾਉਣ ਦੇ ਨਾਮ ਤੇ ਡਰਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਨਾੜ ਨੂੰ ਅੱਗ ਲੱਗਣ ਕਾਰਨ ਜੇਕਰ ਕਿਸਾਨਾਂ ਸਿਰ ਝੂਠੇ ਪਰਚੇ ਦਰਜ ਕੀਤੇ ਤਾਂ ਜੱਥੇਬੰਦੀ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਨਾਲ ਕਣਕ ਦੀ ਫ਼ਸਲ ਨੂੰ ਅੱਗ ਜਾਂਦੀ ਹੈ ਤਾਂ ਉਥੇ ਕੋਈ ਅਧਿਕਾਰੀ ਨਹੀਂ ਪਹੁੰਚਦਾ, ਸਗੋਂ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਲੈਣ ਲਈ ਕਿਸਾਨ ਜੱਥੇਬੰਦੀਆਂ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਮੌਕੇ ਤੇ ਪਹੁੰਚ ਕੇ ਥਾਣਾ ਸਦਰ ਦੇ ਐਸਐਚਓ ਭੁਪਿੰਦਰਜੀਤ ਸਿੰਘ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਕਿਸਾਨ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮਗਰੋਂ ਜੱਥੇਬੰਦੀ ਵੱਲੋਂ ਸਬੰਧਿਤ ਅਧਿਕਾਰੀਆਂ ਦਾ ਘਿਰਾਓ ਛੱਡ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂ ਰੇਸ਼ਮ ਸਿੰਘ ਬਰਨਾਲਾ, ਮੇਲਾ ਸਿੰਘ, ਹਰਜੀਤ ਸਿੰਘ, ਮਿੱਠੂ ਸਿੰਘ, ਜਸਵੀਰ ਸਿੰਘ, ਕੌਰਾ ਸਿੰਘ ਬਰਨਾਲਾ ਆਦਿ ਹਾਜ਼ਰ ਸਨ।