ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਮੌਤ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ : ਲਿਬਰੇਸ਼ਨ
ਮਾਨਸਾ ਜਿਲ੍ਹੇ ਦੇ ਪਿੰਡ ਰੱਲਾ ਦੀ ਧੀ ਦਿਲਜੋਤ ਕੌਰ ਦੀ
Publish Date: Fri, 09 Jan 2026 06:28 PM (IST)
Updated Date: Fri, 09 Jan 2026 06:30 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਪਿੰਡ ਰੱਲਾ ਦੀ ਧੀ ਦਿਲਜੋਤ ਕੌਰ ਦੀ ਲੁਧਿਆਣਾ ਵਿਖੇ ਭੇਤ ਭਰੀ ਹਾਲਤ ’ਚ ਹੋਈ ਮੌਤ ਦੀ ਸੀਪੀਆਈ ਐੱਮਐੱਲ ਲਿਬਰੇਸ਼ਨ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਮੌਤ ਲਈ ਜ਼ਿੰਮੇਵਾਰ ਕਥਿਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਰੱਲਾ ਵਿਖੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਸੂਬਾ ਆਗੂ ਹਰਭਗਵਾਨ ਭੀਖੀ, ਵਿਦਿਆਰਥੀ ਜਥੇਬੰਦੀ ਆਇਸਾ ਦੇ ਸੁਖਜੀਤ ਰਾਮਾਨੰਦੀ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ ਮਾਨਬੀਬੜੀਆ ਨੇ ਕਿਹਾ ਕਿ ਪੀੜਤ ਪਰਿਵਾਰ ਦੀ ਮਾਤਾ ਵੀਰਪਾਲ ਕੌਰ ਤੇ ਮਾਮਾ ਸਿਵਜ਼ੀ ਰਾਮ ਅਨੁਸਾਰ ਦਿਲਜੋਤ ਕੌਰ ਪੜਨ ਤੇ ਖੇਡਾਂ ’ਚ ਕਾਫੀ ਤੇਜ਼ ਸੀ। ਇਸ ਲਈ ਕਈ ਐਵਾਰਡ ਵੀ ਮਿਲੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਾਈ ਦੌਰਾਨ ਉਹ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਦੀ ਸਰਗਰਮ ਕਾਰਕੁੰਨ ਬਣ ਗਈ ਤੇ ਲਾਅ ਕਰਨ ਉਪਰੰਤ ਉਹ ਕੁਲਵਕਤੀ ਬਣ ਲੁਧਿਆਣੇ ਲਲਕਾਰ ਵਾਲਿਆਂ ਦੇ ਦਫ਼ਤਰ ਰਹਿਣ ਲੱਗੀ। ਦਿਨ ਰਾਤ ਜਥੇਬੰਦੀ ਦੀਆਂ ਸਰਗਰਮੀਆਂ ਦੌਰਾਨ ਪਾਰਟੀ ਸਾਹਿਤ ਦਾ ਪ੍ਰਚਾਰ ਕਰਨਾ ਤੇ ਮਜ਼ਦੂਰਾਂ ਦੇ ਕੇਸ ਲੜਣ ਲੱਗੀ।
ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਪਰਿਵਾਰ ਨੇ ਦੱਸਿਆ ਕਿ ਜਥੇਬੰਦੀ ਦੇ ਕੁਝ ਆਗੂ ਦਿਲਜੋਤ ਨੂੰ ਪਰੇਸ਼ਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੰਜ ਜਨਵਰੀ ਸ਼ਾਮ ਨੂੰ ਇੱਕ ਕਾਰਕੁੰਨ ਲੜਕੀ ਦਾ ਫ਼ੋਨ ਆਇਆ ਕਿ ਦਿਲਜੋਤ ਬੇਹੋਸ਼ ਹੋ ਗਈ ਹੈ, ਜਦੋਂ ਪਰਿਵਾਰ ਪਹੁੰਚਿਆ ਤਾਂ ਪਰਿਵਾਰ ਨੂੰ ਦਿਲਜੋਤ ਦੀ ਭੇਤਭਰੀ ਹਾਲਤ ’ਚ ਲਾਸ਼ ਮਿਲੀ। ਜਦੋਂ ਅਸੀਂ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਦਾ ਟਾਲ-ਮਟੋਲ ਦਾ ਰਵੱਈਆ ਸੀ ਤੇ ਐੱਫ਼ਆਈਆਰ ਦਰਜ ਕਰਨ ਨੂੰ ਤਿਆਰ ਨਹੀਂ। ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਖੁਦਕੁਸ਼ੀ ਨੋਟ ਨੂੰ ਜਦੋਂ ਵੇਖਿਆ ਤਾਂ ਉਹ ਬਿਲਕੁਲ ਸ਼ੱਕੀ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਅਸਲੀਅਤ ਸਾਹਮਣੇ ਆ ਸਕੇ। ਦਿਲਜੋਤ ਦੀ ਮੌਤ ਦੀ ਜ਼ਿੰਮੇਵਾਰ ਕਥਿਤ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਦਿਲਜੋਤ ਨੂੰ ਇਨਸਾਫ਼ ਦਿਵਾਉਣ ਲਈ ਭਲਕੇ 9 ਜਨਵਰੀ ਨੂੰ ਗਿਆਰਾਂ ਵਜੇ ਲੁਧਿਆਣੇ ਵਿਖੇ ਸਾਂਝੀ ਮੀਟਿੰਗ ਬੁਲਾਈ ਗਈ ਹੈ, ਜੋ ਪ੍ਰਸ਼ਾਸਨ ਨੂੰ ਮਿਲੇਗੀ ਤੇ ਐਕਸ਼ਨ ਕਮੇਟੀ ਦਾ ਗਠਨ ਕਰ ਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ।