ਵਿਦਿਆਰਥੀਆਂ ਦੀ ਭਰੀ ਵੈਨ ਖੇਤਾਂ ’ਚ ਪਲਟੀ, ਜਾਨੀ ਬਚਾਅ
ਸਵੇਰੇ ਸਰਦੂਲਗੜ੍ਹ ਤੋਂ ਕਾਹਨੇਵਾਲਾ ਰੋਡ ਤੇ
Publish Date: Wed, 06 May 2026 06:05 PM (IST)
Updated Date: Thu, 07 May 2026 04:08 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਕਾਹਨੇਵਾਲਾ ਰੋਡ ’ਤੇ ਸਵੇਰੇ ਬੱਚਿਆਂ ਨੂੰ ਸਕੂਲ ਲੈ ਕੇ ਆ ਰਹੀ ਨਿੱਜੀ ਸਕੂਲ ਦੀ ਵੈਨ ਖੇਤ ‘ਚ ਪਲਟ ਗਈ। ਇਸ ਦੌਰਾਨ ਕੁੱਝ ਬੱਚਿਆਂ ਦੇ ਸੱਟਾਂ ਲੱਗੀਆ, ਜਿੰਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਜ਼ਿਆਦਾਤਰ ਬੱਚਿਆਂ ਦੇ ਮਾਮੂਲੀ ਸੱਟਾਂ ਆਈਆਂ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ, ਜਦੋਂਕਿ ਦੋ ਵਿਦਿਆਰਥੀਆਂ ਦੇ ਜ਼ਿਆਦਾ ਸੱਟਾਂ ਹੋਣ ਕਾਰਨ ਉਨ੍ਹਾਂ ਨੂੰ ਮਾਪੇ ਸਿਰਸਾ ਦੇ ਨਿਜੀ ਹਸਪਤਾਲ ਵਿਚ ਇਲਾਜ ਲਈ ਲੈ ਗਏ। ਵੇਰਵੇ ਅਨੁਸਾਰ ਸਕੂਲ ਵੈਨ ਸਰਦੂਲਗੜ੍ਹ ਦੇ ਸੈਕਰਡ ਸਾਓਲ ਸਕੂਲ ਦੀ ਹੈ ਅਤੇ ਵੈਨ ਡਰਾਈਵਰ ਦਾ ਨਾਮ ਕੁਲਵੰਤ ਸਿੰਘ ਵਾਸੀ ਪਿੰਡ ਸੁਰਤੀਆ (ਹਰਿਆਣਾ) ਹੈ। ਵੈਨ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਰੋੜੀ ਤੋਂ ਵਿਦਿਆਰਥੀਆਂ ਨੂੰ ਲੈ ਕੇ ਵਾਇਆ ਕਾਹਨੇਵਾਲਾ ਹੋ ਕੇ ਸਰਦੂਲਗੜ੍ਹ ਆ ਰਹੀ ਸੀ। ਅਚਾਨਕ ਕਾਹਨੇਵਾਲਾ ਰੋਡ ’ਤੇ ਵੈਨ ਚਾਲਕ ਤੋਂ ਵੈਨ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਵੈਨ ਸੜਕ ਕੰਢੇ ਖੇਤਾਂ ਵਿਚ ਪਲਟ ਪਈ। ਮੌਕੇ ’ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਵੈਨ ਵਿੱਚ 16, 17 ਵਿਦਿਆਰਥੀ ਬੈਠੇ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਕੱਢ ਕੇ ਸਿਵਿਲ ਹਸਪਤਾਲ ਸਰਦੂਲਗੜ੍ਹ ਵਿਖੇ ਭੇਜਿਆ ਗਿਆ। ਹਸਪਤਾਲ ਵਿੱਚ ਇਲਾਜ ਕਰ ਰਹੀ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਉਨ੍ਹਾਂ ਕੋਲ 9 ਬੱਚੇ ਅਤੇ ਇੱਕ ਮਹਿਲਾ ਇਲਾਜ ਲਈ ਆਏ ਹਨ। ਇਨ੍ਹਾਂ ਵਿੱਚੋਂ 2 ਬੱਚੇ ਯੁਵਰਾਜ ਪੁੱਤਰ ਰਾਕੇਸ਼ ਕੁਮਾਰ ਪਿੰਡ ਕਾਹਨੇਵਾਲਾ ਉਮਰ ਤਕਰੀਬਨ 16 ਸਾਲ ਅਤੇ ਜਸਮਨ ਪੁੱਤਰ ਸੁਖਦੀਪ ਉਮਰ ਤਕਰੀਬਨ ਅੱਠ ਸਾਲ ਵਾਸੀ ਰੋੜੀ ਦੇ ਜ਼ਿਆਦਾ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਮਾਪੇ ਸਿਰਸਾ ਦੇ ਨਿਜੀ ਹਸਪਤਾਲ ਵਿਚ ਇਲਾਜ ਲਈ ਲੈ ਗਏ। ਜਦਕਿ ਬਾਕੀ ਸਾਰੇ ਬੱਚਿਆਂ ਦੇ ਮਾਮੂਲੀ ਸੱਟਾਂ ਹੋਣ ਕਾਰਨ ਇਲਾਜ ਦੇ ਕੇ ਘਰ ਭੇਜ ਦਿੱਤੇ ਹਨ। ਸਕੂਲ ਮਾਲਕ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਸਕੂਲ ਵੈਨ ਦੇ ਹਾਦਸਾ ਹੋਣ ਦਾ ਕਾਰਨ ਸੜਕ ਦਾ ਤੰਗ ਹੋਣਾ ਅਤੇ ਅੱਗਿਓਂ ਕਿਸੇ ਵਾਹਨ ਦਾ ਆ ਜਾਣਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਸਬੰਧੀ ਜਦ ਥਾਣਾ ਮੁਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਹਾਦਸੇ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹਾਦਸੇ ਦਾ ਕਾਰਨ ਚਾਹੇ ਕੁਝ ਵੀ ਰਿਹਾ ਹੋਵੇ ਪਰ ਸਕੂਲ ਪ੍ਰਬੰਧਨ ਵੱਲੋਂ ਜਲਦਬਾਜ਼ੀ ਵਿੱਚ ਹਾਦਸਾ ਗ੍ਰਸਤ ਵੈਨ ਨੂੰ ਉਸ ਜਗ੍ਹਾ ਤੋਂ ਹਟਾ ਦੇਣਾ ਤੇ ਇਸ ਘਟਨਾ ਸਬੰਧੀ ਪੁਲਿਸ ਨੂੰ ਵੀ ਸੂਚਿਤ ਨਾ ਕਰਨਾ ਸਹੀ ਨਹੀਂ ਹੈ।