ਟਰੈਕਟਰ-ਟਰਾਲੀ ਅੱਗੇ ਰੋਜ਼ ਆਉਣ ਕਾਰਨ ਹਾਦਸਾ, ਇਕ ਨੌਜਵਾਨ ਦੀ ਮੌਤ, ਕਈ ਜ਼ਖ਼ਮੀ
ਪਿੰਡ ਫੂਲ ਟਾਊਨ ਤੋਂ ਭਾਈਰੂਪਾ ਨੂੰ ਜਾਂਦੀ ਲਿੰਕ ਸੜਕ ’ਤੇ ਬੁੱਧਵਾਰ ਦੇਰ ਰਾਤ ਕਰੀਬ 2 ਵਜੇ ਟਰੈਕਟਰ ਟਰਾਲੀ ਅੱਗੇ ਰੋਜ਼ ਆ ਜਾਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
Publish Date: Thu, 28 May 2026 05:34 PM (IST)
Updated Date: Thu, 28 May 2026 05:34 PM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਪਿੰਡ ਫੂਲ ਟਾਊਨ ਤੋਂ ਭਾਈਰੂਪਾ ਨੂੰ ਜਾਂਦੀ ਲਿੰਕ ਸੜਕ ’ਤੇ ਬੁੱਧਵਾਰ ਦੇਰ ਰਾਤ ਕਰੀਬ 2 ਵਜੇ ਟਰੈਕਟਰ ਟਰਾਲੀ ਅੱਗੇ ਰੋਜ਼ ਆ ਜਾਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਸਮੇਂ ਇਤਲਾਹ ਮਿਲਣ ’ਤੇ ਸਹਾਰਾ ਸਮਾਜ ਸੇਵਾ ਦੀਆਂ ਐਂਬੂਲੈਂਸਾਂ, 112 ਪੁਲਿਸ ਪਾਰਟੀ, ਥਾਣਾ ਫੂਲ ਅਤੇ 108 ਐਂਬੂਲੈਂਸਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਜਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਟਰੈਕਟਰ ਟਰਾਲੀ ਵਿੱਚ ਦਰੱਖਤਾਂ ਦੀ ਕਟਾਈ ਦਾ ਕੁਤਰਾ ਲੋਡ ਕੀਤਾ ਹੋਇਆ ਸੀ ਅਤੇ ਇਹ ਪਿੰਡ ਦਿਆਲਪੁਰਾ ਤੋਂ ਪਿੰਡ ਸੰਦੋਹਾ ਵੱਲ ਜਾ ਰਹੀ ਸੀ। ਟਰੈਕਟਰ ਟਰਾਲੀ ’ਤੇ ਬੱਚਿਆਂ ਸਮੇਤ ਕਰੀਬ ਦਸ ਵਿਅਕਤੀ ਸਵਾਰ ਸਨ। ਪਿੰਡ ਫੂਲ ਟਾਊਨ ਦੇ ਨਜ਼ਦੀਕ ਅਚਾਨਕ ਸੜਕ ’ਤੇ ਰੋਜ਼ ਆ ਜਾਣ ਕਾਰਨ ਟਰੈਕਟਰ ਚਾਲਕ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਟਰੈਕਟਰ ਟਰਾਲੀ ਪਲਟ ਗਈ ਅਤੇ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਦੀਪਕ (18) ਪੁੱਤਰ ਜਸਕਰਨ ਸਿੰਘ ਵਾਸੀ ਪਿੰਡ ਸੰਦੋਹਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਖੁਸਦੀਪ ਸਿੰਘ, ਹਰਮਨ ਉਰਫ ਸੁਖਦੀਪ ਸਿੰਘ ਅਤੇ ਪਾਲਾ ਸਿੰਘ ਵਾਸੀ ਸੰਦੋਹਾ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮੱਛਾ ਸਿੰਘ, ਇੰਦਰਜੀਤ ਸਿੰਘ ਅਤੇ ਜਸਨੂਰ ਸਿੰਘ ਸਿਵਲ ਹਸਪਤਾਲ ਰਾਮਪੁਰਾ ਵਿਖੇ ਜੇਰੇ ਇਲਾਜ ਹਨ। ਰੋਹੀ ਸਿੰਘ, ਬਲਵੰਤ ਸਿੰਘ ਅਤੇ ਜਸਕਰਨ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।