ਈਡੀ ਦੀ ਕਾਰਵਾਈ ਵਿਰੁੱਧ ‘ਆਪ’ ਨੇ ਕੀਤਾ ਕੇਂਦਰ ਸਰਕਾਰ ਖਿਲਾਫ਼ ਮੁਜ਼ਾਹਰਾ
ਪੰਜਾਬ ਸਰਕਾਰ ਦੇ ਮੰਤਰੀਆਂ ਤੇ ਲੀਡਰਾਂ ਦੇ
Publish Date: Sun, 10 May 2026 06:51 PM (IST)
Updated Date: Mon, 11 May 2026 04:09 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਰਕਾਰ ਦੇ ਮੰਤਰੀਆਂ ਤੇ ਲੀਡਰਾਂ ਦੇ ਘਰਾਂ ਤੇ ਈਡੀ ਦੀ ਕਾਰਵਾਈ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਮਾਨਸਾ ਵਿਖੇ ਮੋਦੀ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਈਡੀ ਦੀ ਗਲਤ ਵਰਤੋਂ ਕਰਕੇ ਬੀਜੀਪੀ ਵਿੱਚ ਸ਼ਾਮਲ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਵਿਜੇ ਸਿੰਗਲਾ , ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ, ਯੂਥ ਆਗੂ ਚੁਸ਼ਪਿੰਦਰਬੀਰ ਸਿੰਘ ਚਹਿਲ ਅਤੇ ਹਰਜੀਤ ਸਿੰਘ ਦੰਦੀਵਾਲ ਨੇ ਕਿਹਾ ਕਿ ਈਡੀ ਵੱਲੋਂ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਤੇ ਆਮ ਦੇ ਲੀਡਰਾਂ ਦੇ ਘਰਾਂ ਤੇ ਕੀਤੀ ਜਾ ਰਹੀ ਛਾਪੇਮਾਰੀ ਦੇ ਵਿਰੋਧ ਵਿੱਚ ਮਾਨਸਾ ਬੱਸ ਸਟੈਂਡ ਤੇ ਆਮ ਆਦਮੀ ਪਾਰਟੀ ਵੱਲੋਂ ਮੋਦੀ ਸਰਕਾਰ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਆਪ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਵਿੱਚ ਈਡੀ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੇ ਲੀਡਰਾਂ, ਵਿਧਾਇਕਾਂ ਤੇ ਮੰਤਰੀਆਂ ਨੂੰ ਡਰਾ ਧਮਕਾ ਕੇ ਬੀਜੀਪੀ ਵਿੱਚ ਸ਼ਾਮਲ ਹੋਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਪਰ ਆਪ ਦੇ ਵਰਕਰ ਤੇ ਲੀਡਰ ਅਜਿਹੇ ਹਨ ਜਿਹੜੇ ਕਦੇ ਵੀ ਮੋਦੀ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਤੋ ਨਹੀਂ ਡਰਨਗੇ। ਪੰਜਾਬੀਆਂ ਨੂੰ ਕਦੇ ਵੀ ਡਰਾਇਆ ਨਹੀਂ ਜਾ ਸਕਦਾ। ਮੋਦੀ ਸਰਕਾਰ ਸੋਚ ਲਵੇ ਕਿ ਆਪ ਦੇ ਪੰਜਾਬ ਵਰਕਰ ਲੀਡਰ ਦਲੇਰ ਹਨ ਤੇ ਮੋਦੀ ਸਰਕਾਰ ਦਾ ਮੂੰਹ ਤੋੜ ਜਵਾਬ ਦੇਣਗੇ। ਅੱਜ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਆਪਣੀਆਂ ਚਾਲਾਂ ਤੋ ਬਾਜ਼ ਨਾ ਆਈ ਤਾਂ ਆਉਣ ਵਾਲੇ ਦਿਨਾਂ ਵਿੱਚ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ।