ਗਰੀਨਲੈਂਡ ਡੇ - ਬੋਰਡਿੰਗ ਪਬਲਿਕ ਸਕੂਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਗਰੀਨਲੈਂਡ ਡੇ-ਬੋਰਡਿੰਗ ਪਬਲਿਕ ਸਕੂਲ ਬਰੇਟਾ ਜ਼ਿਲ੍ਹਾ ਮਾਨਸਾ ਵਿੱਚ ਸਕੂਲ ਦੇ ਵਿਹੜੇ ਵਿਚ ਇਕ ਸ਼ਾਨਦਾਰ ਸਾਇੰਸ ਪ੍ਰਦਰਸ਼ਨੀ ਲਗਾਈ। ਇਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਲਗਨ ਨਾਲ ਭਾਗ ਲੈਂਦਿਆਂ ਆਪਣੇ ਮਾਡਲਾਂ ਤੇ ਪ੍ਰੋਜੈਕਟਾਂ ਰਾਹੀਂ ਵਿਗਿਆਨਕ ਧਾਰਨਾਵਾਂ ਨੂੰ ਰਚਨਾਤਮਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨਾ, ਨਵੀਂ ਸੋਚ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਪ੍ਰਯੋਗਾਤਮਕ ਸਿੱਖਿਆ ਨਾਲ ਜੋੜਨਾ ਸੀ। ਪ੍ਰਦਰਸ਼ਨੀ ਵਿੱਚ “ਬੈਸਟ ਆਊਟ ਆਫ਼ ਵੇਸਟ”, ਆਧੁਨਿਕ ਤਕਨਾਲੋਜੀ, ਵਾਤਾਵਰਨ ਸੁਰੱਖਿਆ ਅਤੇ ਸਮਾਜਿਕ ਮੁੱਦਿਆਂ ਨਾਲ ਸੰਬੰਧਿਤ ਪ੍ਰੋਜੈਕਟ ਖ਼ਾਸ ਖਿੱਚ ਦਾ ਕੇਂਦਰ ਰਹੇ।
ਇਨ੍ਹਾਂ ਨੂੰ ਦਰਸ਼ਕਾਂ ਅਤੇ ਮਾਤਾ-ਪਿਤਾ ਵੱਲੋਂ ਬਹੁਤ ਪਸੰਦ ਕੀਤਾ ਗਿਆ। ਵਿਦਿਆਰਥੀਆਂ ਦੇ ਪ੍ਰੋਜੈਕਟਾਂ ਦਾ ਮੁੱਲਾਂਕਣ ਨਵੀਂ ਸੋਚ ਅਤੇ ਰਚਨਾਤਮਕਤਾ, ਵਿਗਿਆਨਕ ਸਮਝ, ਵਿਵਹਾਰਿਕ ਉਪਯੋਗ, ਮਾਡਲ ਦੀ ਕਾਰਗੁਜ਼ਾਰੀ ਤੇ ਪ੍ਰਸਤੁਤੀ ਕੌਸ਼ਲ ਦੇ ਆਧਾਰ ’ਤੇ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਪਰਸਨ ਡਾ. ਮੰਜੂ ਬਾਂਸਲ, ਪ੍ਰਿੰਸੀਪਲ ਮੈਡਮ ਉਰਮਿਲ ਜੈਨ, ਡਾਇਰੈਕਟਰ ਡਾ. ਰੂਬਲ ਬਾਂਸਲ ਅਤੇ ਸਕੂਲ ਪ੍ਰਬੰਧਕ ਗੁਣਜੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ. ਮਨਬਿੰਦਰਾ ਨਾਥ (ਵਿਗਿਆਨੀ, ਮੋਹਾਲੀ) ਨੇ ਹਾਜ਼ਰੀ ਲਗਾਈ। ਉਨ੍ਹਾਂ ਦੀ ਵਿੱਦਿਅਕ ਅਤੇ ਖੋਜ ਯਾਤਰਾ ਇੱਕ ਉੱਚ ਕੋਟੀ ਦੇ ਵਿਗਿਆਨੀ ਦੀ ਪ੍ਰੇਰਣਾਦਾਇਕ ਕਹਾਣੀ ਹੈ। ਉਨ੍ਹਾਂ ਨੇ ਕੈਮਿਸਟਰੀ ਵਿੱਚ ਬੀਐੱਸਸੀ ਤੋਂ ਸ਼ੁਰੂਆਤ ਕਰਕੇ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ਕਾਨਪੁਰ ਤੋਂ ਐਮਐੱਸਸੀ ਕੀਤੀ ਅਤੇ ਫ਼ਿਰ ਯੂਨੀਵਰਸਿਟੀ ਪੈਰਿਸ-ਸੈਕਲੇ ਨਾਲ ਸੰਬੰਧਿਤ ਸੀਐਨਆਰਐਸ ਦੇ ਲੈਬੋਰੇਟਰੀ ਵਿਚ ਐਕਸਪੇਰੀਮੈਂਟਲ ਐਟਾਮਿਕ ਫਿਜ਼ਿਕਸ ਵਿਚ ਪੀਐੱਚਡੀ ਪ੍ਰਾਪਤ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਹਰੀਸ਼ ਚੰਦਰਾ ਰਿਸਰਚ ਇੰਸਟੀਚਿਊਟ ਅਤੇ ਵਿਦੇਸ਼ਾਂ ਦੇ ਪ੍ਰਸਿੱਧ ਸੰਸਥਾਨਾਂ ਜਿਵੇਂ ਆਈਸੀਐੱਫਓ–ਇੰਸਟੀਚਿਊਟ ਆਫ਼ ਫੋਟੋਨਿਕ ਸਾਇੰਸ ਅਤੇ ਮੈਕਸ ਪਲੈਂਕ ਇੰਸਟੀਚਿਊਟ ਫਾਰ ਕੁਆਂਟਮ ਓਪਟਿਕਸ ਵਿੱਚ ਪੋਸਟ-ਡਾਕਟੋਰਲ ਖੋਜ ਕਰਕੇ ਵਿਗਿਆਨ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਦੀ ਇਹ ਅੰਤਰਰਾਸ਼ਟਰੀ ਖੋਜ ਯਾਤਰਾ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ। ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਵਿਨੋਦ ਕੁਮਾਰ ਚੌਧਰੀ (ਐੱਚਓਡੀ, ਸਮਾਜ ਸ਼ਾਸਤਰ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਨੇ ਵੀ ਆਪਣੀ ਮਾਣਯੋਗ ਹਾਜ਼ਰੀ ਨਾਲ ਸਮਾਗਮ ਦੀ ਰੌਣਕ ਵਧਾਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨਕ ਸੋਚ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਮਿਲਾਪ ਹੀ ਇਕ ਬਿਹਤਰ ਸਮਾਜ ਦੀ ਨਿਰਮਾਣ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਨਤਾ, ਤਰਕਸ਼ੀਲਤਾ ਅਤੇ ਸਮਾਜਿਕ ਸੂਝ-ਬੂਝ ਨੂੰ ਆਪਣੀ ਸਿੱਖਿਆ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਅੰਤ ਵਿਚ ਸਮੂਹ ਸਕੂਲ ਮੈਨੇਜਮੈਂਟ ਅਤੇ ਅਧਿਆਪਕ ਵਰਗ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਉਪਲਬਧੀਆਂ ਲਈ ਵਧਾਈ ਦਿੱਤੀ ਤੇ ਭਵਿੱਖ ਲਈ ਦਿਲੋਂ ਸ਼ੁੱਭ ਕਾਮਨਾਵਾਂ ਪ੍ਰਦਾਨ ਕੀਤੀਆਂ।