ਕਾਲਜ ਦੇ 14 ਵਿਦਿਆਰਥੀਆਂ ਨੂੰ ਮਿਲੀ ਨੌਕਰੀ
ਭਾਰਤ ਗਰੁੱਪ ਆਫ਼ ਕਾਲਜਿਜ਼, ਸਰਦੂਲਗੜ੍ਹ
Publish Date: Fri, 13 Mar 2026 06:35 PM (IST)
Updated Date: Sat, 14 Mar 2026 04:13 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਭਾਰਤ ਗਰੁੱਪ ਆਫ਼ ਕਾਲਜਿਜ਼, ਸਰਦੂਲਗੜ੍ਹ ਵਿਖੇ ਆਯੋਜਿਤ ਜੌਬ ਫ਼ੈਸਟ ਵਿੱਚ ਐਮਡੀ ਬਾਇਓ ਕੋਲਸ ਪ੍ਰਾਈਵੇਟ ਲਿਮਟਿਡ, ਸਿਰਸਾ ਦੁਆਰਾ ਇੰਜੀਨੀਅਰਿੰਗ, ਮੈਨੇਜ਼ਮੈਂਟ, ਪੈਰਾ ਮੈਡੀਕਲ, ਸਾਇੰਸ ਸਮੇਤ ਵੱਖ-ਵੱਖ ਕੋਰਸਾਂ ਦੇ ਤਕਰੀਬਨ 23 ਯੋਗ ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਇੰਨ੍ਹਾਂ ਵਿੱਚੋਂ 14 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ। ਇਕ ਦਿਨ ਦੇ ਜੌਬ ਫ਼ੈਸਟ ਵਿੱਚ ਤਕਰੀਬਨ 80 ਵਿਦਿਆਰਥੀਆਂ ਨੇ ਹਿੱਸਾ ਲਿਆ। ਰਾਜੇਸ਼ ਗਰਗ, ਸੀਈਓ ਅਤੇ ਮੋਹਿਤ ਜੈਨ, ਡਾਇਰੈਕਟਰ ਐਡਮਿਸ਼ਨਜ਼, ਭਾਰਤ ਗਰੁੱਪ ਮੁੱਖ ਮਹਿਮਾਨ ਸਨ। ਡਾ. ਗੀਤੇਸ਼ ਗੋਗਾ, ਡਾਇਰੈਕਟਰ ਪ੍ਰਿੰਸੀਪਲ, ਭਾਰਤ ਗਰੁੱਪ ਦੀ ਨਿਗਰਾਨੀ ਹੇਠ ਪ੍ਰੋਫ਼ੈਸਰ ਲਲਿਤ ਚਾਵਲਾ (ਇਲੈਕਟ੍ਰੀਕਲ) ਨੇ ਇਸ ਜੌਬ ਫ਼ੈਸਟ ਦਾ ਆਯੋਜਨ ਕੀਤਾ। ਰਾਜੇਸ਼ ਗਰਗ ਅਤੇ ਮੋਹਿਤ ਜੈਨ ਨੇ ਭਾਰਤ ਗਰੁੱਪ ਟੀਮ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਗਰੁੱਪ ਉੱਚ ਸਿੱਖਿਆ ਅਤੇ ਅਕਾਦਮਿਕ ਖੇਤਰ ਵਿਚਕਾਰ ਵਧ ਰਹੇ ਫ਼ਾਸਲੇ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫ਼ਲ ਕਰੀਅਰ, ਪਲੇਸਮੈਂਟ ਲਈ ਨਿਯਮਿਤ ਤੌਰ 'ਤੇ ਸਲਾਹ ਅਤੇ ਮਾਰਗਦਰਸ਼ਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ "ਅਸੀਂ ਆਪਣੇ ਨੌਜਵਾਨਾਂ ਦਾ ਭਵਿੱਖ ਤਾਂ ਨਹੀਂ ਬਣਾ ਸਕਦੇ, ਪਰ ਆਪਣੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰ ਸਕਦੇ ਹਾਂ"। ਇਹ ਬਹੁਤ ਸੰਤੁਸ਼ਟੀ ਦੀ ਗੱਲ ਹੈ ਕਿ ਸਾਡੇ ਯੋਗ ਨੌਜਵਾਨਾਂ ਨੂੰ ਭਾਰਤ ਗਰੁੱਪ ਵਿੱਚ ਇੱਕ ਪਲੇਟਫ਼ਾਰਮ 'ਤੇ ਚੋਟੀ ਦੀਆਂ ਕੰਪਨੀਆਂ ਵਿੱਚ ਸਥਾਨ ਮਿਲ ਰਿਹਾ ਹੈ। ਡਾ. ਗੀਤੇਸ਼ ਗੋਗਾ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਕਰੀਆਂ ਦੀ ਕੋਈ ਕਮੀ ਨਹੀਂ ਹੈ, ਪਰ ਭਾਰਤੀ ਨੌਕਰੀ ਖੇਤਰਾਂ ਵਿੱਚ ਹੁਨਰਮੰਦ ਅਤੇ ਸਿਖਲਾਈ ਪ੍ਰਾਪਤ ਨੌਜਵਾਨਾਂ ਦੀ ਘਾਟ ਹੈ। ਇਸ ਲਈ ਵਿਦਿਆਰਥੀਆਂ ਨੂੰ ਵਧੇਰੇ ਪ੍ਰੈਕਟੀਕਲ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਉਹ ਉਦਯੋਗਿਕ ਜ਼ਰੂਰਤਾਂ ਦਾ ਮੁਕਾਬਲਾ ਕਰ ਸਕਣ।