ਬਠਿੰਡਾ ਦੇ ਜੋਗੀ ਨਗਰ ’ਚ ਦਹਿਲਾ ਦੇਣ ਵਾਲੀ ਘਟਨਾ
ਫੌਜੀ ਪੁੱਤਰ ਨੇ ਪਿਤਾ
Publish Date: Thu, 05 Mar 2026 11:13 PM (IST)
Updated Date: Thu, 05 Mar 2026 11:14 PM (IST)

ਫੌਜੀ ਪੁੱਤਰ ਨੇ ਪਿਤਾ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ, ਮਾਂ ਨਾਲ ਵੀ ਕੀਤੀ ਕੁੱਟਮਾਰ ਸੀਨੀਅਰ ਰਿਪੋਰਟਰ, ਬਠਿੰਡਾ : ਸ਼ਹਿਰ ਦੇ ਜੋਗੀ ਨਗਰ ਇਲਾਕੇ ਵਿੱਚ ਵੀਰਵਾਰ ਸ਼ਾਮ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਘਰੇਲੂ ਵਿਵਾਦ ਦੌਰਾਨ ਫੌਜ ਵਿੱਚ ਤਾਇਨਾਤ ਇਕ ਨੌਜਵਾਨ ਨੇ ਆਪਣੇ ਹੀ ਮਾਪਿਆਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਘਟਨਾ ਜੋਗੀ ਨਗਰ ਦੀ ਗਲੀ ਨੰਬਰ 5/5 ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਫੌਜ ਵਿੱਚ ਕਾਂਸਟੇਬਲ ਦੇ ਅਹੁਦੇ ‘ਤੇ ਤਾਇਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਗੁਆਂਢੀਆਂ ਮੁਤਾਬਿਕ ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਕਹਾਸੁਨੀ ਹੋਈ ਜੋ ਵਧਦਿਆਂ ਵਧਦਿਆਂ ਗੰਭੀਰ ਝਗੜੇ ਵਿੱਚ ਤਬਦੀਲ ਹੋ ਗਈ। ਗੁੱਸੇ ਵਿੱਚ ਆ ਕੇ ਹਰਪ੍ਰੀਤ ਸਿੰਘ ਨੇ ਪਹਿਲਾਂ ਆਪਣੇ ਪਿਤਾ ਦਲਜੀਤ ਸਿੰਘ ‘ਤੇ ਕਿਸੇ ਭਾਰੀ ਵਸਤੂ ਨਾਲ ਸਿਰ ‘ਤੇ ਵਾਰ ਕੀਤਾ ਅਤੇ ਫਿਰ ਕਥਿਤ ਤੌਰ ‘ਤੇ ਆਪਣੀ ਲਾਇਸੈਂਸੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਗੋਲੀ ਦਲਜੀਤ ਸਿੰਘ ਦੇ ਮੋਢੇ ’ਤੇ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਡਿੱਗ ਪਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਦੌਰਾਨ ਮੁਲਜ਼ਮ ਨੇ ਆਪਣੀ ਮਾਤਾ ਪਰਮਜੀਤ ਕੌਰ ਨਾਲ ਵੀ ਕੁੱਟਮਾਰ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਵੀ ਚੋਟਾਂ ਆਈਆਂ ਹਨ। ਘਰ ਤੋਂ ਆ ਰਹੀਆਂ ਚੀਖਾਂ ਸੁਣ ਕੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਐੱਸਐੱਚਓ ਹਰਜੋਤ ਸਿੰਘ ਨੇ ਪੁਲਿਸ ਟੀਮ ਸਮੇਤ ਘਟਨਾਸਥਲ ਦਾ ਜਾਇਜ਼ਾ ਲਿਆ। ਪੁਲਿਸ ਨੇ ਮੌਕੇ ਤੋਂ ਹਥਿਆਰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਜ਼ਖ਼ਮੀ ਦਲਜੀਤ ਸਿੰਘ ਦੇ ਬਿਆਨ ਦਰਜ ਕਰਕੇ ਅਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਇਸ ਪਰਿਵਾਰਕ ਵਿਵਾਦ ਦੇ ਭਿਆਨਕ ਅੰਜਾਮ ਤੋਂ ਹੈਰਾਨ ਹਨ।