ਝਾੜ ਘਟਣ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਕਿਸਾਨਾਂ ਅਨੁਸਾਰ ਕਈ ਇਲਾਕਿਆਂ ਵਿੱਚ ਕਣਕ ਦਾ ਝਾੜ 5 ਤੋਂ 15 ਮਣ ਪ੍ਰਤੀ ਏਕੜ ਤਕ ਘਟ ਗਿਆ ਹੈ। ਇਸ ਤਰ੍ਹਾਂ ਕਿਸਾਨਾਂ ਨੂੰ 5 ਤੋਂ 15 ਹਜ਼ਾਰ ਪ੍ਰਤੀ ਏਕੜ ਦੀ ਆਰਥਿਕ ਮਾਰ ਪਈ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਇਸ ਵਾਰ ਮੌਸਮ ਦੀ ਬੇਰੁਖ਼ੀ ਨੇ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਬੇ-ਮੌਸਮੀ ਬਾਰਿਸ਼, ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਨਾ ਸਿਰਫ਼ ਫ਼ਸਲ ਦਾ ਝਾੜ ਘਟਿਆ ਹੈ, ਸਗੋਂ ਕਣਕ ਦਾ ਦਾਣਾ ਵੀ ਬਦਰੰਗ ਹੋ ਗਿਆ ਹੈ, ਜਿਸ ਨਾਲ ਇਸ ਦੀ ਗੁਣਵੱਤਾ ’ਤੇ ਵੀ ਗੰਭੀਰ ਅਸਰ ਪਿਆ ਹੈ। ਝਾੜ ਘਟਣ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਕਿਸਾਨਾਂ ਅਨੁਸਾਰ ਕਈ ਇਲਾਕਿਆਂ ਵਿੱਚ ਕਣਕ ਦਾ ਝਾੜ 5 ਤੋਂ 15 ਮਣ ਪ੍ਰਤੀ ਏਕੜ ਤਕ ਘਟ ਗਿਆ ਹੈ। ਇਸ ਤਰ੍ਹਾਂ ਕਿਸਾਨਾਂ ਨੂੰ 5 ਤੋਂ 15 ਹਜ਼ਾਰ ਪ੍ਰਤੀ ਏਕੜ ਦੀ ਆਰਥਿਕ ਮਾਰ ਪਈ ਹੈ।
ਖੇਤੀ ਮਾਹਿਰਾਂ ਅਨੁਸਾਰ ਇਸ ਵਾਰ ਫਰਵਰੀ ਮਹੀਨੇ ਵਿਚ ਆਮ ਨਾਲੋਂ ਤਾਪਮਾਨ ਕਾਫ਼ੀ ਜ਼ਿਆਦਾ ਰਿਹਾ ਜਦੋਂ ਕਿ ਮਾਰਚ ਮਹੀਨੇ ਦੇ ਅੰਦਲੇ ਦਿਨਾਂ ਵਿਚ ਮੀਂਹ, ਹਨ੍ਹੇਰੀ ਤੇ ਗੜੇਮਾਰੀ ਨਾਲ ਮੌਸਮ ਨਮੀਂ ਵਾਲਾ ਬਣ ਗਿਆ, ਜਿਸ ਕਾਰਨ ਕਣਕ ਦਾ ਦਾਣਾ ਪੂਰੀ ਤਰ੍ਹਾਂ ਵਿਕਸਤ ਨਹੀਂ ਹੋ ਸਕਿਆ ਅਤੇ ਕਈ ਥਾਵਾਂ ’ਤੇ ਇਹ ਬਹੁਤ ਬਰੀਕ ਅਤੇ ਹਲਕਾ ਰਹਿ ਗਿਆ ਹੈ। ਇਸ ਤੋਂ ਪਹਿਲਾਂ ਹੀ ਗੜੇਮਾਰੀ ਕਾਰਨ ਲਗਪਗ ਸਵਾ ਲੱਖ ਏਕੜ ਵਿੱਚ ਖੜੀ ਕਣਕ ਦੀ ਫ਼ਸਲ ਤਬਾਹ ਹੋ ਚੁੱਕੀ ਹੈ, ਜਿਸ ਨਾਲ ਨੁਕਸਾਨ ਹੋਰ ਵੀ ਵਧ ਗਿਆ ਹੈ। ਇਸ ਵਾਰ ਸਰਕਾਰ ਦੀ ਉਮੀਦ ਦੇ ਉਲਟ ਕਣਕ ਦੀ ਫ਼ਸਲ ਦਾ ਉਤਪਾਦਨ ਵੀ ਘਟੇਗਾ। ਹਾਲਾਂਕਿ ਸਰਕਾਰ ਨੇ ਇਸ ਵਾਰ 122 ਲੱਖ ਮੀਟ੍ਰਿਕ ਟਨ (ਐਲਐਮਟੀ) ਕਣਕ ਦੀ ਖ਼ਰੀਦ ਦਾ ਟੀਚਾ ਮਿਥਿਆ ਹੈ, ਪਰ ਕਣਕ ਦੇ ਝਾੜ ਘਟਣ ਕਾਰਨ ਇਹ ਟੀਚਾ ਪੂਰਾ ਹੋਣਾ ਮੁਸ਼ਕਿਲ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਗੜੇਮਾਰੀ, ਝੱਖੜ ਤੇ ਮੀਂਹ ਨੇ ਕਣਕ ਦੀ ਫਸਲ ਨੂੰ ਕਾਫੀ ਹੱਦ ਤਕ ਪ੍ਰਭਾਵਿਤ ਕੀਤਾ ਹੈ। ਮਾਲਵਾ ਖੇਤਰ ਅੰਦਰ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਬਿਲਕੁਲ ਹੀ ਤਬਾਹ ਹੋ ਗਈ ਹੈ। ਜੇਕਰ ਝਾੜ ਘਟਣ ਦੇ ਹਿਸਾਬ ਨਾਲ ਨੁਕਸਾਨ ਦਾ ਅੰਦਾਜ਼ਾ ਲਾਇਆ ਜਾਵੇ ਤਾਂ ਇਹ ਕਈ ਸੌ ਕਰੋੜ ਹੋ ਜਾਂਦਾ ਹੈ। ਪੰਜਾਬ ਅੰਦਰ 35 ਲੱਖ ਏਕੜ ਰਕਬੇ ਵਿਚ ਕਣਕ ਦੀ ਬਿਜਾਈ ਹੋਈ, ਜੇਕਰ ਪ੍ਰਤੀ ਏਕੜ ਦਸ ਹਜ਼ਾਰ ਰੁਪਏ ਨੁਕਸਾਨ ਵੀ ਲਾਇਆ ਜਾਵੇ ਤਾਂ ਇਹ ਰਕਮ 3500 ਕਰੋੜ ਰੁਪਏ ਬਣਦੀ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਝਾੜ ਘਟਣ ਕਾਰਨ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ ਦੀ ਫਸਲ ’ਤੇ ਬੋਨਸ ਦੇਵੇ ਤਾਂ ਜੋ ਉਨ੍ਹਾਂ ਦੇ ਆਰਥਿਕ ਨੁਕਸਾਨ ਦੀ ਭਰਪਾਈ ਹੋ ਸਕੇ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਇਸ ਵਾਰ ਮੌਸਮੀ ਤਬਦੀਲੀਆਂ ਦਾ ਸਿੱਧਾ ਅਸਰ ਕਣਕ ਦੀ ਪੈਦਾਵਾਰ ‘ਤੇ ਪਿਆ ਹੈ। ਉਨ੍ਹਾਂ ਦੇ ਅਨੁਸਾਰ ਫਸਲ ਦੇ ਅਹਿਮ ਮੌਕੇ ‘ਤੇ ਮੌਸਮ ਦਾ ਅਨੁਕੂਲ ਨਾਂ ਰਹਿਣਾ ਕਾਰਨ ਹੈ, ਜਿਸ ਨਾਲ ਦਾਣੇ ਦੀ ਗੁਣਵੱਤਾ ਅਤੇ ਮਾਤਰਾ ਦੋਵੇਂ ਪ੍ਰਭਾਵਿਤ ਹੋਏ ਹਨ।
ਖੇਤੀ ਮਾਹਿਰ ਡਾ. ਬਲਜਿੰਦਰ ਸਿੰਘ ਦਾ ਕਹਿਣਾ ਸੀ ਫਰਵਰੀ ਮਹੀਨੇ ਵਿਚ ਤਾਪਮਾਨ ਕਰੀਬ 32 ਡਿਗਰੀ ਦੇ ਆਸ ਚੱਲਦਾ ਰਿਹਾ ਜਦੋਂ ਕਿ ਕਣਕ ਦੀ ਫ਼ਸਲ ਲਈ 20 ਤੋਂ 24 ਡਿਗਰੀ ਤਾਪਮਾਨ ਠੀਕ ਹੁੰਦਾ ਹੈ। ਮਾਰਚ ਮਹੀਨੇ ਵਿਚ ਆ ਕੇ ਮੌਸਮ ਖਰਾਬ ਹੋ ਗਿਆ ਅਤੇ ਮਹੀਨੇ ਦੇ ਅਖੀਰ ਵਿਚ ਮੌਸਮ ਨਮੀਂ ਵਾਲਾ ਬਣ ਗਿਆ। ਉਨ੍ਹਾਂ ਦੱਸਿਆ ਕਿ ਮੌਸਮ ਦੀ ਗੜਬੜੀ ਕਾਰਨ ਕਣਕ ਦੇ ਦਾਣੇ ਦੀ ਸਹੀ ਗਰੋਥ ਨਹੀਂ ਹੋ ਸਕੀ। ਦਾਣਾ ਬਹੁਤ ਬਰੀਕ ਰਹਿ ਗਿਆ ਅਤੇ ਗੁਣਵੱਤਾ ’ਤੇ ਵੀ ਅਸਰ ਪਿਆ ਹੈ।
ਸੇਵਾ ਮੁਕਤ ਮੁੱਖ ਖੇਤੀਬਾੜੀ ਅਫਸਰ ਡਾ. ਬਲਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਫ਼ਸਲ ਦੇ ਪੱਕਣ ਸਮੇਂ (ਦਾਣਾ ਬਣਨ ਵੇਲੇ) ਅਚਾਨਕ ਗਰਮੀ ਵਧਣ ਨਾਲ ਹੀਟ ਸਟ੍ਰੈੱਸ ਹੁੰਦਾ ਹੈ, ਜਿਸ ਕਾਰਨ ਦਾਣੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ ਅਤੇ ਝਾੜ ਘਟਦਾ ਹੈ। ਮੀਂਹ ਕਾਰਨ ਫ਼ਸਲ ਵਿੱਚ ਨਮੀ ਵਧ ਜਾਂਦੀ ਹੈ, ਜਿਸ ਨਾਲ ਦਾਣਾ ਬਦਰੰਗ ਹੋ ਜਾਂਦਾ ਹੈ ਅਤੇ ਛੋਟਾ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਰਚ-ਅਪ੍ਰੈਲ ਵਿੱਚ ਪਏ ਮੀਂਹ ਅਤੇ ਤੇਜ਼ ਹਵਾ ਕਾਰਨ ਕਣਕ ਦੀ ਫ਼ਸਲ ਜ਼ਮੀਨ 'ਤੇ ਡਿੱਗ ਪਈ, ਜਿਸ ਨਾਲ ਦਾਣਾ ਪਤਲਾ ਅਤੇ ਕਮਜ਼ੋਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕਣਕ ਦੀ ਫ਼ਸਲ ਲਈ ਮੌਸਮ ਅਨੁਕੂਲ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਸ ਵਾਰ ਪਹਿਲਾਂ ਤਾਪਮਾਨ ਜਿਆਦਾ ਰਿਹਾ ਅਤੇ ਬਾਅਦ ਵਿਚ ਮੀਂਹ ਕਾਰਨ ਨਮੀਂ ਵਧ ਗਈ, ਜਿਸ ਕਾਰਨ ਝਾੜ ’ਤੇ ਅਸਰ ਪਿਆ ਹੈ।
ਚੰਗੀ ਫ਼ਸਲ ਦੀ ਸੀ ਆਸ ਪਰ ਮੌਸਮ ਨੇ ਸਭ ਬਦਲ ਦਿੱਤਾ : ਰਛਪਾਲ ਸਿੰਘ
ਬਠਿੰਡਾ ਦੇ ਕਿਸਾਨ ਰਛਪਾਲ ਸਿੰਘ ਦੱਸਿਆ ਕਿ “ਅਸੀਂ ਉਮੀਦ ਕਰ ਰਹੇ ਸੀ ਕਿ ਇਸ ਵਾਰ ਫਸਲ ਚੰਗੀ ਹੋਵੇਗੀ, ਪਰ ਮੌਸਮ ਨੇ ਸਾਰਾ ਹਿਸਾਬ ਹੀ ਬਦਲ ਦਿੱਤਾ। ਮੌਸਮ ਦੀ ਅਜਿਹੀ ਮਾਰ ਪਈ ਕਿ ਪ੍ਰਤੀ ਏਕੜ ਦੋ ਤੋਂ ਢਾਈ ਕੁਇੰਟਲ ਹਰ ਕਿਸਾਨ ਦੀ ਫਸਲ ਦਾ ਝਾੜ ਘੱਟ ਨਿਕਲ ਰਿਹਾ ਹੈ; ਜਦੋਂ ਕਿ ਜਿੱਥੇ ਮੀਂਹ ਹਨੇਰੀ ਨਾਲ ਫ਼ਸਲ ਧਰਤੀ ’ਤੇ ਡਿੱਗ ਪਈ ਹੈ ਉਸ ਦਾ ਝਾੜ ਕਰੀਬ 15 ਮਣ ਘਟਿਅ ਹੈ। ਉਸ ਨੇ ਕਿਹਾ ਕਿ ਇਸ ਨਾਲ ਸਾਡੀ ਆਮਦਨ ’ਤੇ ਵੱਡਾ ਅਸਰ ਪਿਆ ਹੈ।”ਕਿਸਾਨਾਂ ਦਾ ਕਹਿਣਾ ਹੈ ਕਿ ਪਛੇਤੀ ਬਿਜਾਈ ਵਾਲੀ ਕਣਕ ਨੂੰ ਮੌਸਮ ਦੀ ਮਾਰ ਕਾਰਨ ਉਹ ਆਖਰੀ ਪਾਣੀ ਨਹੀਂ ਦੇ ਸਕੇ, ਜਿਸ ਦਾ ਸਿੱਧਾ ਅਸਰ ਦਾਣੇ ਦੀ ਗਰੋਥ ‘ਤੇ ਪਿਆ।
ਇਸ ਵਾਰ ਕਿਸਾਨਾਂ ’ਤੇ ਮੌਸਮ ਦੀ ਵੱਡੀ ਮਾਰ ਪਈ : ਸਵਰਨਜੀਤ ਸਿੰਘ
ਇਸੇ ਤਰ੍ਹਾਂ ਪਿੰਡ ਪੂਹਲੀ ਦੇ ਕਿਸਾਨ ਸਵਰਨਜੀਤ ਸਿੰਘ ਨੇ ਕਿਹਾ, “ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਕਈ ਥਾਵਾਂ ‘ਤੇ ਡਿੱਗ ਗਈ ਸੀ। ਉੱਥੇ ਨਾ ਸਿਰਫ਼ ਕਟਾਈ ਮੁਸ਼ਕਲ ਹੋਈ ਹੈ, ਸਗੋਂ ਝਾੜ ਵੀ ਕਾਫ਼ੀ ਘੱਟ ਮਿਲ ਰਿਹਾ ਹੈ। ਕਣਕ ਦੀ ਫ਼ਸਲ ਦਾ ਦਾਣਾ ਵੀ ਬਰੀਕ ਹੈ। ਉਸ ਦਾ ਕਹਿਣਾ ਕਿ ਇਸ ਵਾਰ ਕਿਸਾਨਾਂ ’ਤੇ ਮੌਸਮ ਦੀ ਵੱਡੀ ਮਾਰ ਪਈ ਹੈ। ਕਿਸਾਨਾਂ ਦਾ 5 ਤੋਂ 15 ਹਜ਼ਾਰ ਪ੍ਰਤੀ ਏਕੜ ਦਾ ਆਰਥਿਕ ਨੁਕਸਾਨ ਹੋਇਆ ਹੈ। ਉਸ ਦਾ ਕਹਿਣਾ ਸੀ ਕਿ ਪਹਿਲਾਂ ਕਰਜ਼ੇ ਦੀ ਮਾਰ ਹੇਠ ਚੱਲ ਰਹੇ ਕਿਸਾਨ ਦੇ ਸਿਰ ਇਹ ਪੰਡ ਹੋਰ ਭਾਰੀ ਹੋ ਸਕਦੀ ਹੈ। ਪੰਜਾਬ ਸਰਕਾਰ ਨੂੰ ਕਣਕ ’ਤੇ ਬੋਨਸ ਦੇਣਾ ਚਾਹੀਦਾ ਹੈ।
ਮੌਸਮ ਨੇ ਸਾਡੀ ਸਾਰੀ ਮਿਹਨਤ ’ਤੇ ਪਾਣੀ ਫੇਰ ਦਿੱਤਾ : ਸਰੂਪ ਸਿੰਘ ਰਾਮਾਂ
ਕਿਸਾਨ ਸਰੂਪ ਸਿੰਘ ਰਾਮਾਂ ਦਾ ਕਹਿਣਾ ਸੀ “ਇਸ ਵਾਰ ਮੌਸਮ ਨੇ ਸਾਡੀ ਸਾਰੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਹੈ। ਕਣਕ ਦਾ ਝਾੜ ਕਾਫ਼ੀ ਘੱਟ ਨਿਕਲ ਰਿਹਾ ਹੈ। ਉਸ ਅਨੁਸਾਰ ਇਸ ਵਾਰ ਝਾੜ ਵਿਚ 2 ਤੋਂ 6 ਕੁਇੰਟਲ ਪ੍ਰਤੀ ਏਕੜ ਦੀ ਕਮੀ ਦਰਜ ਕੀਤੀ ਜਾ ਰਹੀ ਹੈ। ਉੱਤੋਂ ਗੜੇਮਾਰੀ ਅਤੇ ਬਾਰਿਸ਼ ਕਾਰਨ ਦਾਣਾ ਵੀ ਬਦਰੰਗ ਹੋ ਗਿਆ। ਉਸਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਬੀਜ, ਖਾਦ ਅਤੇ ਦਵਾਈਆਂ ’ਤੇ ਵੱਡਾ ਖਰਚ ਕਰ ਚੁੱਕੇ ਸੀ, ਪਰ ਹੁਣ ਉਹ ਲਾਗਤ ਖਰਚਾ ਮੁੜਦਾ ਹੀ ਨਜ਼ਰ ਆ ਰਿਹਾ ਹੈ।
ਮੌਸਮ ਦੀ ਅਣਿਸ਼ਚਿਤਤਾ ਹੁਣ ਖੇਤੀ ਲਈ ਸਭ ਤੋਂ ਵੱਡੀ ਚੁਣੌਤੀ ਬਣੀ : ਜਗਤਾਰ ਸਿੰਘ
ਕਿਸਾਨ ਜਗਤਾਰ ਸਿੰਘ ਨੇ ਕਿਹਾ ਕਿ “ਮੌਸਮ ਦੀ ਅਣਿਸ਼ਚਿਤਤਾ ਹੁਣ ਖੇਤੀ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ। ਇਸ ਸਾਲ ਕਣਕ ਦਾ ਝਾੜ 5 ਤੋਂ 15 ਮਣ ਤਕ ਘੱਟ ਗਿਆ ਹੈ, ਜਿਸ ਨਾਲ ਸਿੱਧਾ ਆਰਥਿਕ ਨੁਕਸਾਨ ਹੋਇਆ ਹੈ। ਮੇਰੇ ਖਿਆਲ ਵਿੱਚ ਪ੍ਰਤੀ ਏਕੜ ਘੱਟੋ-ਘੱਟ 10 ਤੋਂ 12 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਦਾਣੇ ਦੀ ਗੁਣਵੱਤਾ ਵੀ ਡਿੱਗ ਗਈ ਹੈ, ਜਿਸ ਨਾਲ ਮਾਰਕੀਟ ਵਿੱਚ ਸਮੱਸਿਆ ਆ ਸਕਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਿਰਫ਼ ਬੋਨਸ ਹੀ ਨਾ ਦੇਵੇ, ਸਗੋਂ ਫ਼ਸਲ ਬੀਮਾ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ ਤਾਂ ਜੋ ਅਜਿਹੇ ਨੁਕਸਾਨ ਤੋਂ ਕਿਸਾਨਾਂ ਨੂੰ ਭਵਿੱਖ ਵਿੱਚ ਬਚਾਇਆ ਜਾ ਸਕੇ।”
ਇਸ ਵਾਰ ਘੱਟ ਝਾੜ ਨੇ ਉਮੀਦਾਂ |ਤੇ ਪਾਣੀ ਫੇਰ ਦਿੱਤਾ : ਦਰਸ਼ਨ ਸਿੰਘ
ਕਿਸਾਨ ਦਰਸ਼ਨ ਸਿੰਘ ਵਾਸੀ ਨਥਾਣਾ ਦਾ ਕਹਿਣਾ ਹੈ ਕਿ ਹਰ ਸਾਲ ਉਹ ਕਣਕ ਦੀ ਫ਼ਸਲ ਨਾਲ ਕਈ ਉਮੀਦਾਂ ਜੋੜ ਕੇ ਬੈਠਦੇ ਹਨ, ਕਿਉਂਕਿ ਇਹ ਉਨ੍ਹਾਂ ਦੀ ਮੁੱਖ ਆਮਦਨ ਦਾ ਸਾਧਨ ਹੁੰਦੀ ਹੈ। ਪਰ ਇਸ ਵਾਰ ਘੱਟ ਝਾੜ ਨੇ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫ਼ਸਲ ‘ਤੇ ਕੀਤੀ ਮਿਹਨਤ ਅਤੇ ਖਰਚ ਦੇ ਬਾਵਜੂਦ ਉਪਜ ਘੱਟ ਰਹਿਣ ਕਾਰਨ ਉਨ੍ਹਾਂ ਨੂੰ ਕਾਫ਼ੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ‘ਤੇ ਵੀ ਨਕਾਰਾਤਮਕ ਅਸਰ ਪਿਆ ਹੈ।
ਵਧੀਆ ਉਪਜ ਦੀ ਉਮੀਦ ਸੀ ਪਰ ਨਿਰਾਸ਼ਾ ਹੱਥ ਲੱਗੀ : ਸ਼ਿੰਗਾਰਾ ਸਿੰਘ ਮਾਨ
ਕਿਸਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਅਸੀਂ ਹਰ ਸਾਲ ਕਣਕ ਦੀ ਫ਼ਸਲ ਤੋਂ ਵਧੀਆ ਆਮਦਨ ਦੀ ਉਮੀਦ ਕਰਦੇ ਸੀ, ਪਰ ਇਸ ਵਾਰ ਮੌਸਮ ਨੇ ਸਾਰਾ ਹਿਸਾਬ ਕਿਤਾਬ ਖਰਾਬ ਕਰ ਦਿੱਤਾ। ਝਾੜ ਕਾਫ਼ੀ ਘੱਟ ਆਇਆ ਹੈ ਅਤੇ ਜਿੱਥੇ ਵਧੀਆ ਉਪਜ ਦੀ ਉਮੀਦ ਸੀ, ਉੱਥੇ ਨਿਰਾਸ਼ਾ ਹੱਥ ਲੱਗੀ ਹੈ। ਖੇਤੀ ‘ਤੇ ਲੱਗਿਆ ਖਰਚ ਵੀ ਪੂਰਾ ਨਹੀਂ ਨਿਕਲ ਰਿਹਾ, ਜਿਸ ਕਾਰਨ ਸਾਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।”ਹੁਣ ਪੰਜਾਬ ਸਰਕਾਰ ਤੋਂ ਉਮੀਦ ਹੈ ਕਿ ਉਹ ਕਣਕ ਦੀ ਫਸਲ ’ਤੇ ਕਿਸਾਨਾਂ ਨੂੰ ਬੋਨਸ ਦੇਵੇ। ਤਬਾਹ ਹੋਈਆਂ ਫਸਲਾਂ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤਰੁੰਤ ਜਾਰੀ ਕਰੇ।
ਝਾੜ ਘਟਣ ਨਾਲ ਸਿੱਧਾ ਆਮਦਨ ’ਤੇ ਅਸਰ ਪਿਆ : ਭੋਲਾ ਸਿੰਘ ਮਾਨ
ਕਿਸਾਨ ਭੋਲਾ ਸਿੰਘ ਮਾਨ ਦਾ ਕਣਕ ਦੀ ਫ਼ਸਲ ਸਾਡੇ ਲਈ ਸਾਲ ਦੀ ਸਭ ਤੋਂ ਮਹੱਤਵਪੂਰਨ ਫ਼ਸਲ ਹੁੰਦੀ ਹੈ। ਇਸ ਵਾਰ ਘੱਟ ਝਾੜ ਨੇ ਸਾਡੀਆਂ ਸਾਰੀਆਂ ਉਮੀਦਾਂ ਤੋੜ ਦਿੱਤੀਆਂ ਹਨ। ਉਪਰੋਂ ਦਾਣੇ ਦੀ ਗੁਣਵੱਤਾ ਵੀ ਠੀਕ ਨਹੀਂ ਰਹੀ, ਜਿਸ ਨਾਲ ਮੰਡੀ ਵਿੱਚ ਭਾਅ ਘੱਟ ਮਿਲਣ ਦਾ ਡਰ ਹੈ। ਝਾੜ ਘਟਣ ਨਾਲ ਸਿੱਧਾ ਆਮਦਨ ‘ਤੇ ਅਸਰ ਪਿਆ ਹੈ ਅਤੇ ਸਾਨੂੰ ਕਾਫ਼ੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।