- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕਰੀਬ 7 ਕਿਲੋ ਚੋਰੀ ਦੀ ਚਾਂਦੀ ਅਤੇ ਇਕ ਜੁਗਾੜੂ ਵਾਹਨ ਬਰਾਮਦ ਕੀਤਾ ਹੈ, ਜਿਸਦੀ ਵਰਤੋਂ ਚੋਰੀ ਸਮੇਂ ਕੀਤੀ ਗਈ ਸੀ। ਬਰਾਮਦਗੀ ਤੋਂ ਬਾਅਦ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਦੇ ਪ੍ਰਤਾਪ ਨਗਰ ਇਲਾਕੇ 'ਚ ਸਥਿਤ ਇਕ ਜਵੈਲਰਜ਼ ਦੀ ਦੁਕਾਨ 'ਚ 25 ਦਿਨ ਪਹਿਲਾਂ ਹੋਈ ਚੋਰੀ ਦੀ ਵੱਡੀ ਵਾਰਦਾਤ ਨੂੰ ਬਠਿੰਡਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ 'ਚ ਪੁਲਿਸ ਨੇ ਮੱਧ ਪ੍ਰਦੇਸ਼ ਨਾਲ ਸਬੰਧਤ ਪਾਰਦੀ ਗੈਂਗ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਕਰੀਬ 7 ਕਿਲੋਗ੍ਰਾਮ ਚੋਰੀ ਕੀਤੀ ਗਈ ਚਾਂਦੀ ਅਤੇ ਵਾਰਦਾਤ 'ਚ ਵਰਤਿਆ ਗਿਆ ਇਕ ਜੁਗਾੜੂ ਵਾਹਨ ਬਰਾਮਦ ਕੀਤਾ ਗਿਆ ਹੈ। ਇਸ ਗੈਂਗ 'ਚ ਅਹਿਮਗੜ੍ਹ ਦਾ ਇਕ ਜਵੈਲਰ ਵੀ ਸ਼ਾਮਲ ਹੈ, ਜਿਸਨੇ ਗੈਂਗ ਕੋਲੋ ਚਾਂਦੀ ਦੀ ਖਰੀਦ ਕੀਤੀ ਸੀ।
ਐੱਸਐੱਸਪੀ ਬਠਿੰਡਾ ਡਾ. ਜਯੋਤੀ ਯਾਦਵ, ਆਈਪੀਐੱਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 14 ਅਤੇ 15 ਜਨਵਰੀ ਦੀ ਰਾਤ ਨੂੰ ਸ਼ਹਿਰ ਦੇ ਪ੍ਰਤਾਪ ਨਗਰ 'ਚ ਇਕ ਜਵੈਲਰਜ਼ ਦੀ ਦੁਕਾਨ ਸਮੇਤ ਹੋਰਨਾਂ ਦੁਕਾਨਾਂ ’ਤੇ 15 ਤੋਂ 17 ਚੋਰਾਂ ਨੇ ਧਾਵਾ ਬੋਲਿਆ ਸੀ। ਚੋਰ ਜਵੈਲਰਜ਼ ਦੀ ਦੁਕਾਨ ਵਿੱਚੋਂ ਚਾਂਦੀ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਥਾਣਾ ਕੈਨਾਲ ਕਾਲੋਨੀ ਬਠਿੰਡਾ ਵਿੱਚ 15 ਜਨਵਰੀ 2026 ਨੂੰ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ 14 ਅਤੇ 15 ਜਨਵਰੀ 2026 ਦੀ ਦਰਮਿਆਨੀ ਰਾਤ ਨੂੰ ਮੇਨ ਰੋਡ ਗਲੀ ਨੰਬਰ 5 ਪ੍ਰਤਾਪ ਨਗਰ ਬਠਿੰਡਾ ਵਿੱਚ ਸਥਿਤ ‘ਪਾਰਸ ਜਵੈਲਰਜ਼’ ਨਾਮਕ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਰੀਬ 16 ਤੋਂ 17 ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ 6 ਤੋਂ 7 ਕਿਲੋ ਚਾਂਦੀ ਅਤੇ ਕੁਝ ਨਕਦੀ ਚੋਰੀ ਕਰ ਲਈ ਗਈ ਸੀ। ਇਸ ਵਾਰਦਾਤ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਟੀਮਾਂ ਨੇ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਜਾਂਚ ਦਾ ਦਾਇਰਾ ਫੈਲਾਇਆ। ਜਾਂਚ ਦੌਰਾਨ ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਫਿਰੋਜ਼ਪੁਰ, ਕੁਰਾਲੀ ਅਤੇ ਬਲਾਚੌਰ ਤੋਂ ਇਲਾਵਾ ਹਰਿਆਣਾ ਦੇ ਜੀਂਦ, ਕਰਨਾਲ, ਮੇਵਾਤ ਅਤੇ ਰੇਵਾੜੀ ਖੇਤਰਾਂ ਵਿੱਚ ਵੀ ਛਾਨਬੀਣ ਕੀਤੀ ਗਈ। ਲਗਾਤਾਰ ਯਤਨਾਂ ਤੋਂ ਬਾਅਦ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਅਤੇ ਆਖ਼ਰਕਾਰ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਨਿਲ ਉਰਫ਼ ਅਮਪੁੜੀ ਪੁੱਤਰ ਅਸ਼ੋਕ ਕੁਮਾਰ ਸਹਾਰੀਅਆ ਵਾਸੀ ਪਿੰਡ ਨਿਆਪੁਰਾ, ਜ਼ਿਲ੍ਹਾ ਕੋਟਾ (ਰਾਜਸਥਾਨ), ਗੋਵਿੰਦਾ ਪੁੱਤਰ ਬਾਦਲ ਵਾਸੀ ਨਵੀਂ ਸਬਜ਼ੀ ਮੰਡੀ, ਬਾਜਾਖਾਨਾ ਰੋਡ ਬਰਨਾਲਾ, ਓਮੀ ਉਰਫ਼ ਟਾਈਗਰ ਪੁੱਤਰ ਬਾਦਲ ਵਾਸੀ ਨਵੀਂ ਸਬਜ਼ੀ ਮੰਡੀ, ਬਾਜਾਖਾਨਾ ਰੋਡ ਬਰਨਾਲਾ ਅਤੇ ਵਿਕਰਮ ਵਰਮਾ ਪੁੱਤਰ ਰਾਜਵਿੰਦਰ ਵਰਮਾ ਵਾਸੀ ਅਹਿਮਦਗੜ੍ਹ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਵਿਕਰਮ ਵਰਮਾ ਇਸ ਗੈਂਗ ਕੋਲੋ ਚੋਰੀ ਚਾਂਦੀ ਤੇ ਹੋਰ ਸਮਾਨ ਖਰੀਦ ਕਰਦਾ ਸੀ। ਉਸਨੇ ਗੈਂਗ ਕੋਲੋ ਚਾਂਦੀ ਖਰੀਦ ਕਰਕੇ ਉਸਦੀ ਇਕ ਇੱਟ ਤਿਆਰ ਕਰ ਰੱਖੀ ਸੀ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮਾਂ ਦੀ ਉਮਰ 19 ਤੋਂ 31 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਇਕ ਸੰਗਠਿਤ ਗੈਂਗ ਦੇ ਤੌਰ ’ਤੇ ਕੰਮ ਕਰਦੇ ਸਨ ਅਤੇ ਵੱਖ-ਵੱਖ ਰਾਜਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਇਹ ਗੈਂਗ ਮੇਲਿਆਂ ਦੀ ਆੜ ਲੈ ਕੇ ਆਪਣੀਆਂ ਗਤੀਵਿਧੀਆਂ ਚਲਾਉਂਦਾ ਸੀ। ਗੈਂਗ ਦੀਆਂ ਔਰਤਾਂ ਮੇਲਿਆਂ ਵਿੱਚ ਗੁਬਾਰੇ ਵੇਚਣ ਦਾ ਕੰਮ ਕਰਦੀਆਂ ਸਨ, ਜਦਕਿ ਮਰਦ ਮੈਂਬਰ ਗਲੀਆਂ ਅਤੇ ਬਾਜ਼ਾਰਾਂ ਵਿੱਚ ਘੁੰਮ-ਘੁੰਮ ਕੇ ਰੇਕੀ ਕਰਦੇ ਸਨ। ਮੌਕਾ ਮਿਲਦੇ ਹੀ ਇਹ ਲੋਕ ਜਵੈਲਰਜ਼ ਦੀਆਂ ਦੁਕਾਨਾਂ ਅਤੇ ਹੋਰ ਵਪਾਰਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਵਾਰਦਾਤ ਤੋਂ ਬਾਅਦ ਜਿਵੇਂ ਹੀ ਮੇਲਾ ਸਮਾਪਤ ਹੁੰਦਾ ਸੀ ਇਹ ਲੋਕ ਟ੍ਰੇਨ ਰਾਹੀਂ ਕਿਸੇ ਹੋਰ ਰਾਜ ਜਾਂ ਜ਼ਿਲ੍ਹੇ ਵਿੱਚ ਲੱਗਣ ਵਾਲੇ ਮੇਲੇ ਵੱਲ ਰਵਾਨਾ ਹੋ ਜਾਂਦੇ ਸਨ। ਪੁਲਿਸ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਗੈਂਗ ਵੱਲੋਂ ਪਹਿਲਾਂ ਵੀ ਮੁਕੇਰੀਆਂ (ਜ਼ਿਲ੍ਹਾ ਹੁਸ਼ਿਆਰਪੁਰ), ਜਲੰਧਰ, ਕੁਰਾਲੀ ਅਤੇ ਬਲਾਚੌਰ ਵਿੱਚ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਬਠਿੰਡਾ ਪੁਲਿਸ ਹੁਣ ਇਨ੍ਹਾਂ ਮਾਮਲਿਆਂ ਨਾਲ ਵੀ ਮੁਲਜ਼ਮਾਂ ਦੇ ਤਾਰ ਜੋੜਣ ਵਿੱਚ ਜੁਟ ਗਈ ਹੈ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕਰੀਬ 7 ਕਿਲੋ ਚੋਰੀ ਦੀ ਚਾਂਦੀ ਅਤੇ ਇਕ ਜੁਗਾੜੂ ਵਾਹਨ ਬਰਾਮਦ ਕੀਤਾ ਹੈ, ਜਿਸਦੀ ਵਰਤੋਂ ਚੋਰੀ ਸਮੇਂ ਕੀਤੀ ਗਈ ਸੀ। ਬਰਾਮਦਗੀ ਤੋਂ ਬਾਅਦ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਵਾਰਦਾਤ ਵਿਚ ਸ਼ਾਮਲ ਕੁੱਝ ਹੋਰ ਲੋਕਾਂ ਦੀ ਪਛਾਣ ਵੀ ਹੋ ਚੁੱਕੀ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਬਠਿੰਡਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜ਼ਿਲ੍ਹੇ ਵਿੱਚ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਅਤੇ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।