- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਅੰਦਰ ਦੇਸ਼-ਦੁਨੀਆ ਦੇ ਇਤਿਹਾਸ ਨੂੰ ਸਮੋਈ ਬੈਠੇ ਬਠਿੰਡਾ ਦੇ ਕਿਲ੍ਹਾ ਮੁਬਾਰਕ ਦਾ ਨਾਂ ਕਈ ਵਾਰ ਬਦਲਿਆ ਜਾ ਚੁੱਕਾ ਹੈ। ਸਭ ਤੋਂ ਪਰਾਣੇ ਇਸ ਕਿਲ੍ਹੇ ਦਾ ਵੱਖ-ਵੱਖ ਸਮੇਂ ਉਸ ਸਮੇਂ ਦੇ ਹੁਕਮਰਾਨਾਂ ਨੇ ਕਰੀਬ ਅੱਧੀ ਦਰਜਨ ਵਾਰ ਨਾਂ ਬਦਲਿਆ ਹੈ। ਇਸ ਕਿਲ੍ਹੇ ’ਤੇ ਕਈ ਵਾਰ ਉਸ ਸਮੇਂ ਦੇ ਰਾਜਿਆਂ ਨੇ ਕਬਜ਼ਾ ਵੀ ਕੀਤਾ। ਇਸ ਇਤਿਹਾਸਕ ਕਿਲ੍ਹੇ ਨੂੰ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ।

ਗੁਰਤੇਜ ਸਿੰਘ ਸਿੱਧੂ, ਬਠਿੰਡਾ: ਆਪਣੇ ਅੰਦਰ ਦੇਸ਼-ਦੁਨੀਆ ਦੇ ਇਤਿਹਾਸ ਨੂੰ ਸਮੋਈ ਬੈਠੇ ਬਠਿੰਡਾ ਦੇ ਕਿਲ੍ਹਾ ਮੁਬਾਰਕ ਦਾ ਨਾਂ ਕਈ ਵਾਰ ਬਦਲਿਆ ਜਾ ਚੁੱਕਾ ਹੈ। ਸਭ ਤੋਂ ਪਰਾਣੇ ਇਸ ਕਿਲ੍ਹੇ ਦਾ ਵੱਖ-ਵੱਖ ਸਮੇਂ ਉਸ ਸਮੇਂ ਦੇ ਹੁਕਮਰਾਨਾਂ ਨੇ ਕਰੀਬ ਅੱਧੀ ਦਰਜਨ ਵਾਰ ਨਾਂ ਬਦਲਿਆ ਹੈ। ਇਸ ਕਿਲ੍ਹੇ ’ਤੇ ਕਈ ਵਾਰ ਉਸ ਸਮੇਂ ਦੇ ਰਾਜਿਆਂ ਨੇ ਕਬਜ਼ਾ ਵੀ ਕੀਤਾ। ਇਸ ਇਤਿਹਾਸਕ ਕਿਲ੍ਹੇ ਨੂੰ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ।
ਇਤਿਹਾਸਕਾਰਾਂ ਮੁਤਾਬਕ ਇਸ ਕਿਲ੍ਹੇ ਨੂੰ ਰਾਜਾ ਦਾਬ ਨੇ 90-110 ਈਸਵੀ ’ਚ ਬਣਾਇਆ ਸੀ। ਇਸ ਤੋਂ ਬਾਅਦ ਰਾਜਾ ਵਿਨੈਪਾਲ ਕਾਰਨ ਇਸ ਕਿਲ੍ਹੇ ਦਾ ਨਾਂ ਵਿਕਰਮਗੜ੍ਹ ਕਿਲ੍ਹਾ ਪੈ ਗਿਆ। ਲੋਕਾਂ ਵਿਚ ਉਸ ਸਮੇਂ ਇਹ ਕਿਲ੍ਹਾ ਵਿਕਰਮਗੜ੍ਹ ਵਜੋਂ ਪ੍ਰਸਿੱਧ ਰਿਹਾ। ਉਸ ਪਿਛੋਂ ਰਾਜਾ ਜੈਪਾਲ ਜਦੋਂ ਇਸ ’ਤੇ ਕਾਬਜ਼ ਹੋਏ ਤਾਂ ਉਨ੍ਹਾਂ ਇਸ ਕਿਲੇ ਦਾ ਨਾਂ ਜੈਪਾਲਗੜ੍ਹ ਰੱਖ ਦਿੱਤਾ। ਮੱਧ-ਕਾਲ ਵਿਚ ਭੱਟੀ ਰਾਓ ਰਾਜਪੂਤ ਨੇ ਇਸ ਕਿਲ੍ਹੇ ਨੂੰ ਨਵੇਂ ਸਿਰਿਓ ਬਣਾਇਆ ਤੇ ਕਿਲ੍ਹੇ ਦਾ ਨਾਮ ਭੱਟੀਵਿੰਡਾ ਰੱਖਿਆ ਗਿਆ। ਇਸ ਕਰਕੇ ਸ਼ਹਿਰ ਦਾ ਨਾਂ ਪਹਿਲਾਂ ਭਟਿੰਡਾ ਤੇ ਫਿਰ ਬਠਿੰਡਾ ਪਿਆ। 22 ਜੂਨ 1706 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਿਲ੍ਹੇ ਵਿਚ ਚਰਨ ਪਾਏ ਸਨ। ਮਹਾਰਾਜਾ ਪਟਿਆਲਾ ਕਰਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਾ ਕੇ ਕਿਲ੍ਹੇ ਦਾ ਨਾਂ ਗੋਬਿੰਦਗੜ੍ਹ ਰੱਖ ਦਿਤਾ। ਲੰਬਾ ਸਮਾਂ ਲੋਕਾਂ ਵਿਚ ਇਹ ਗੋਬਿੰਦਗੜ੍ਹ ਕਿਲ੍ਹੇ ਵਜੋਂ ਪ੍ਰਸਿੱਧ ਰਿਹਾ।
ਬੇਗਮ ਰਜ਼ੀਆ ਸੁਲਤਾਨਾ 1239 ਤੋਂ 1240 ਤਕ ਬਠਿੰਡਾ ਦੇ ਇਸ ਕਿਲ੍ਹੇ ਵਿਚਲੇ ਸੰਮਨ ਬੁਰਜ ’ਚ ਕੈਦ ਰਹੀ ਸੀ। ਦਿੱਲੀ ਦੇ ਤਖ਼ਤ ’ਤੇ ਬੈਠਣ ਵਾਲੀ ਪਹਿਲੀ ਮਹਿਲਾ ਰਜ਼ੀਆ ਸੁਲਤਾਨਾ ਦੀ ਬਠਿੰਡਾ ਵਿਚ ਰਾਣੀ ਮਹਿਲ ਇਕਲੌਤੀ ਯਾਦਗਾਰ ਹੈ। ਰਜ਼ੀਆ ਸੁਲਤਾਨਾ ਗਵਰਨਰ ਅਲਤੂਨੀਆਂ ਦੀ ਬਗ਼ਾਵਤ ਦਬਾਉਣ ਵਾਸਤੇ ਬਠਿੰਡਾ ਆਈ ਤਾਂ ਉਸ ਨੂੰ ਅਲਤੂਨੀਆਂ ਨੇ ਬਠਿੰਡਾ ਕਿਲੇ੍ਹ ਵਿਚ ਕੈਦ ਕਰ ਲਿਆ ਸੀ। ਕਰੀਬ ਦੋ ਮਹੀਨੇ ਉਹ ਇੱਥੇ ਕਿਲੇ੍ਹ ਵਿਚਲੇ ਰਾਣੀ ਮਹਿਲ ’ਚ ਕੈਦ ਰਹੀ ਸੀ। ਇਤਿਹਾਸਕਾਰਾਂ ਅਨੁਸਾਰ ਰਜ਼ੀਆ ਸੁਲਤਾਨਾ ਰਾਣੀ ਮਹਿਲ ਦੀ ਖਿੜਕੀ ’ਚ ਬੈਠ ਕੇ ਸ਼ਾਮ ਵੇਲੇ ਮੀਨਾ ਬਾਜ਼ਾਰ ਦਾ ਨਜ਼ਾਰਾ ਤੱਕਿਆ ਕਰਦੀ ਸੀ। ਮੌਜੂਦਾ ਸਮੇਂ ਇਹ ਕਿਲ੍ਹਾ ਮੁਬਾਰਕ ਵਜੋਂ ਮਸ਼ਹੂਰ ਹੈ ਪਰ ਰਜੀਆ ਸਲਤਾਨਾ ਦੀ ਇਕਲੌਤੀ ਯਾਦਗਾਰ ਹੋਣ ਕਾਰਨ ਸੈਰ ਸਪਾਟਾ ਵਿਭਾਗ ਵੱਲੋਂ ਹੁਣ ਇਸ ਕਿਲ੍ਹੇ ਦਾ ਨਾਂ ਬਦਲ ਕੇ ਰਜ਼ੀਆ ਕਿਲ੍ਹਾ ਰੱਖ ਦਿੱਤਾ ਗਿਆ ਹੈ। ਭਾਵੇਂ ਸੈਰ ਸਪਾਟਾ ਵਿਭਾਗ ਨੇ ਕਾਗ਼ਜਾਂ ਵਿਚ ਕਿਲ੍ਹੇ ਦਾ ਨਾਂ ਰਜ਼ੀਆ ਕਿਲ੍ਹਾ ਰੱਖ ਦਿੱਤਾ ਹੈ ਪਰ ਲੋਕ ਅਜੇ ਵੀ ਇਸ ਨੂੰ ਕਿਲ੍ਹਾ ਮੁਬਾਰਕ ਵਜੋਂ ਸੰਬੋਧਨ ਕਰਦੇ ਹਨ।
ਕਰੀਬ 1800 ਸਾਲ ਪੁਰਾਣਾ ਹੈ ਕਿਲ੍ਹਾ
ਲਗਾਤਾਰ ਖੰਡਰ ਬਣਦੇ ਜਾ ਰਹੇ ਇਸ ਕਿਲ੍ਹੇ ਅੰਦਰ ਭਾਵੇਂ ਹੁਣ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਪਰ ਕਈ ਥਾਵਾਂ ਤੋਂ ਬਾਹਰੀ ਚਾਰ ਦੀਵਾਰੀ ਤੇ ਬੁਰਜ ਢਹਿ ਢੇਰੀ ਹੋ ਰਹੇ ਹਨ। ਹਰ ਸਾਲ ਬਰਸਾਤਾਂ ਦੇ ਦਿਨਾਂ ’ਚ ਕਿਲੇ੍ਹ ਦਾ ਕੋਈ ਨਾ ਕੋਈ ਹਿੱਸਾ ਡਿੱਗ ਰਿਹਾ ਹੈ। 15 ਏਕੜ ’ਚ ਬਣੇ ਇਸ ਕਿਲ੍ਹੇ ਦੁਆਲੇ 36 ਬੁਰਜ ਸਨ ਜਦੋਂਕਿ ਇਸ ਦੀ ਉਚਾਈ 118 ਫੁੱਟ ਹੈ। ਜ਼ਿਆਦਾਤਰ ਬੁਰਜ ਡਿੱਗ ਚੁੱਕੇ ਹਨ ਅਤੇ ਬਹੁਤਿਆਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਕੇਂਦਰੀ ਪੁਰਾਤਤਵ ਵਿਭਾਗ ਦੁਆਰਾ ਕਿਲੇ੍ਹ ਦੀ ਮੁਰੰਮਤ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਇਸ ਕਿਲੇ੍ਹ ਦਾ ਪੁਰਾਣਾ ਰੰਗ ਰੂਪ ਮੱਧਮ ਪੈਣ ਲੱਗਾ ਹੈ। ਪੰਜਾਬ ਦੇ ਸਭ ਤੋਂ ਕਰੀਬ 1800 ਸਾਲ ਪੁਰਾਣੇ ਇਸ ਕਿਲੇ੍ਹ ’ਤੇ ਸਮਿਆਂ ਦੇ ਉਤਰਾਅ ਚੜ੍ਹਾਅ ਅੱਜ ਵੀ ਉੱਕਰੇ ਹੋਏ ਦੇਖੇ ਜਾ ਸਕਦੇ ਹਨ। ਕੇਂਦਰੀ ਪੁਰਾਤਤਵ ਵਿਭਾਗ ਵੱਲੋਂ ਕਿਲੇ੍ਹ ਨੂੰ ਆਧੁਨਿਕ ਰੂਪ ਤਾਂ ਦਿੱਤਾ ਜਾ ਰਿਹਾ ਹੈ ਪ੍ਰੰਤੂ ਨਾਲੋਂ ਨਾਲ ਇਸ ਕਿਲੇ੍ਹ ਦੀ ਵਿਰਾਸਤੀ ਦਿੱਖ ’ਤੇ ਵੀ ਪੋਚਾ ਫੇਰਿਆ ਜਾਣ ਲੱਗਾ ਹੈ। ਮੌਜੂਦਾ ਸਰਕਾਰ ਲਈ ਇਹ ਚੁਣੌਤੀ ਹੈ ਕਿ ਕਿਲ੍ਹੇ ਨੂੰ ਕਿਵੇਂ ਬਚਾਇਆ ਜਾਵੇ ਤੇ ਨਵੀਂ ਪੀੜ੍ਹੀ ਲਈ ਕਿਲੇ੍ਹ ਦੀ ਪੁਰਾਣੀ ਦਿੱਖ ਵੀ ਕਾਇਮ ਰਹੇ। ਸ਼ਨਿਚਰਵਾਰ ਤੇ ਐਤਵਾਰ ਨੂੰ ਕਰੀਬ ਤਿੰਨ ਕੁ ਹਜ਼ਾਰ ਲੋਕ ਕਿਲ੍ਹਾ ਵੇਖਣ ਲਈ ਆਉਦੇ ਹਨ।
ਸਾਲ ਘਟਨਾ
90-110 - ਰਾਜਾ ਦਾਬ ਨੇ ਬਣਾਇਆ
179 - ਬਠਿੰਡਾ ਸਹਿਰ ਨੂੰ ਭੱਟੀ ਰਾਓ ਨੇ ਵਸਾਇਆ
1004 - ਸੁਲਤਾਨ ਮੁਹੰਮਦ ਗਜਨੀ ਨੇ ਕਬਜ਼ਾ ਕੀਤਾ
1045 - ਪੀਰ ਹਾਜੀ ਰਤਨ ਇੱਥੇ ਆਏ
1189 - ਸੁਲਤਾਨ ਮੁਹੰਮਦ ਗੋਰੀ ਨੇ ਕਬਜ਼ਾ ਕੀਤਾ
1191 - ਬਾਦਸ਼ਾਹ ਪ੍ਰਿਥਵੀ ਰਾਜ ਚੌਹਾਨ ਨੇ ਕਬਜ਼ਾ ਕੀਤਾ
1240 - ਰਜੀਆ ਸੁਲਤਾਨ ਨੂੰ ਨਜ਼ਰਬੰਦ ਕੀਤਾ ਗਿਆ
1706 - ਗੁਰੂ ਗੋਬਿੰਦ ਸਿੰਘ ਨੇ ਚਰਨ ਪਾਏ
1835-40 - ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰਾ ਦਾ ਨਿਰਮਾਣ ਕਰਵਾਇਆ