ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ: ਹੁਣ ਘਰ ਬੈਠੇ ਖ਼ੁਦ ਭਰੋ ਆਪਣੀ ਜਾਣਕਾਰੀ, ਜਾਣੋ ਕੀ ਹੈ 'ਸੈਲਫ-ਇਨਿਊਮਰੇਸ਼ਨ' ਤੇ ਕਿਵੇਂ ਕਰਨਾ ਹੈ ਅਪਲਾਈ
ਡਿਪਟੀ ਕਮਿਸ਼ਨਰ -ਕਮ-ਪ੍ਰਿੰਸੀਪਲ ਸੈਂਸਸ ਅਫ਼ਸਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਜਨਗਣਨਾ ਕਰਮਚਾਰੀਆਂ ਦੇ ਘਰ-ਘਰ ਜਾਣ ਦੀ ਜੋ ਵੀ ਤਰੀਕ ਤੈਅ ਹੋਵੇਗੀ, ਉਸ ਤੋਂ ਠੀਕ 15 ਦਿਨ ਪਹਿਲਾਂ 'ਸਵੈ-ਗਣਨਾ' ਦਾ ਪੋਰਟਲ ਉਸ ਖੇਤਰ ਦੇ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।
Publish Date: Fri, 17 Apr 2026 11:08 AM (IST)
Updated Date: Fri, 17 Apr 2026 11:12 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ,ਬਠਿੰਡਾ । ਜਨਗਣਨਾ 2027 ਦੇ ਪਹਿਲੇ ਪੜਾਅ ਤਹਿਤ 15 ਮਈ ਤੋਂ 13 ਜੂਨ 2026 ਤਕ ਘਰਾਂ ਦੀ ਸੂਚੀਕਰਨ (ਐਚਐਲਓ) ਸ਼ੁਰੂ ਹੋਵੇਗਾ। ਇਹ ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ਹੋਵੇਗੀ, ਜਿਸ ਵਿੱਚ 30 ਅਪ੍ਰੈਲ ਤੋਂ 14 ਮਈ 2026 ਤਕ ਸੈਲਫ-ਇਨਿਊਮਰੇਸ਼ਨ (ਖੁਦ ਜਾਣਕਾਰੀ ਭਰਨ) ਦੀ ਸਹੂਲਤ ਵੀ ਮਿਲੇਗੀ।
ਜ਼ਿਲ੍ਹਾ ਵਾਸੀ ਸੈਲਫ-ਇਨਿਊਮਰੇਸ਼ਨ (ਖੁਦ ਜਾਣਕਾਰੀ ਭਰਨ) ਕਰਨ। ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਇਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਆਮ ਲੋਕ ਜਨਗਣਨਾ ਮੁਲਾਜ਼ਮਾਂ ਦੇ ਘਰ ਆਉਣ ਦਾ ਇੰਤਜ਼ਾਰ ਕੀਤੇ ਬਿਨਾਂ ਖੁਦ ਆਪਣੀ ਜਾਣਕਾਰੀ ਸਰਕਾਰੀ ਪੋਰਟਲ 'ਤੇ ਦਰਜ ਕਰ ਸਕਦੇ ਹਨ।
ਪਹਿਲਾਂ ਇਹ ਕੰਮ ਸਿਰਫ਼ ਕਾਗਜ਼ੀ ਫਾਰਮਾਂ ਰਾਹੀਂ ਹੁੰਦਾ ਸੀ ਪਰ ਹੁਣ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਵੇਰਵਾ ਆਨਲਾਈਨ ਭਰ ਸਕਦੇ ਹੋ। ਇਸ ਦੀ ਪ੍ਰਕਿਰਿਆ ਬਹੁਤ ਸੌਖੀ ਹੈ। ਸਰਕਾਰ ਦੇ ਅਧਿਕਾਰਤ ਜਨਗਣਨਾ ਪੋਰਟਲ se.census.gov.in 'ਤੇ ਜਾਣਾ ਹੋਵੇਗਾ। ਭਾਸ਼ਾ ਦੀ ਚੋਣ ਕਰੋ ਅਤੇ ਆਪਣੇ ਮੋਬਾਈਲ ਨੰਬਰ ਅਤੇ ਬੁਨਿਆਦੀ ਜਾਣਕਾਰੀ ਦੀ ਵਰਤੋਂ ਕਰਕੇ ਪੋਰਟਲ 'ਤੇ ਲੌਗਇਨ ਕਰੋ।
ਪੋਰਟਲ 'ਤੇ ਦਿੱਤੇ ਗਏ ਸਵਾਲਾਂ ਦੇ ਜਵਾਬ ਆਪਣੀ ਸਹੂਲਤ ਅਨੁਸਾਰ ਭਰੋ। ਜਿਵੇਂ ਹੀ ਸਫਲਤਾਪੂਰਵਕ ਫਾਰਮ ਸਬਮਿਟ ਹੋਵੇਗਾ, ਨਾਗਰਿਕ ਨੂੰ ਇਕ 'ਸੈਲਫ-ਐਨੂਮਰੇਸ਼ਨ ਆਈਡੀ' (ਐਸਈਆਈਡੀ) ਜਨਰੇਟ ਕਰਕੇ ਦੇਵੇਗਾ। ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ ਤਾਂ ਨਾਗਰਿਕ ਨੂੰ ਸਿਰਫ ਇਹ ਆਈਡੀ ਦਿਖਾਉਣੀ ਹੋਵੇਗੀ। ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਅਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ।
ਡਿਪਟੀ ਕਮਿਸ਼ਨਰ -ਕਮ-ਪ੍ਰਿੰਸੀਪਲ ਸੈਂਸਸ ਅਫ਼ਸਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਜਨਗਣਨਾ ਕਰਮਚਾਰੀਆਂ ਦੇ ਘਰ-ਘਰ ਜਾਣ ਦੀ ਜੋ ਵੀ ਤਰੀਕ ਤੈਅ ਹੋਵੇਗੀ, ਉਸ ਤੋਂ ਠੀਕ 15 ਦਿਨ ਪਹਿਲਾਂ 'ਸਵੈ-ਗਣਨਾ' ਦਾ ਪੋਰਟਲ ਉਸ ਖੇਤਰ ਦੇ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਤਹਿਤ 33 ਸਵਾਲ ਪੁੱਛੇ ਜਾਣਗੇ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਰਿਹਾਇਸ਼ ਦੀ ਸਥਿਤੀ (ਕੱਚਾ/ਪੱਕਾ), ਬੁਨਿਆਦੀ ਸਹੂਲਤਾਂ (ਪਾਣੀ, ਬਿਜਲੀ, ਪਖਾਨੇ ਆਦਿ) ਅਤੇ ਪਰਿਵਾਰ ਕੋਲ ਉਪਲਬਧ ਸੰਪਤੀਆਂ ਦੀ ਜਾਣਕਾਰੀ ਮੰਗੀ ਜਾਵੇਗੀ।