ਪੁਲਿਸ ਮੁਲਾਜ਼ਮਾਂ ਦੀ ਸਿਹਤ ਦਾ ਹੁਣ ਰੱਖਿਆ ਜਾਵੇਗਾ ਖਾਸ ਖਿਆਲ, ਰਾਤ ਦੀ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਮਿਲੇਗਾ ਗਰਮ ਦੁੱਧ ਤੇ ਸੂਪ
ਦੁੱਧ ਅਤੇ ਸੂਪ ਸਰੀਰ ਨੂੰ ਊਰਜਾ ਦੇਣ ਦੇ ਨਾਲ-ਨਾਲ ਠੰਢ ਤੋਂ ਬਚਾਅ ਵਿਚ ਵੀ ਮਦਦਗਾਰ ਸਾਬਤ ਹੋਵੇਗਾ। ਇਸ ਯੋਜਨਾ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਥਾਣਿਆਂ, ਚੌਕੀਆਂ ਅਤੇ ਨਾਕਿਆਂ ’ਤੇ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਲਈ ਨਿਯਮਿਤ ਤੌਰ ’ਤੇ ਗਰਮ ਦੁੱਧ ਅਤੇ ਸੂਪ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਰਾਤ ਦੇ ਸਮੇਂ ਵੱਖ-ਵੱਖ ਥਾਵਾਂ ’ਤੇ ਜਾ ਕੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਤਕ ਇਹ ਸੁਵਿਧਾ ਪਹੁੰਚਾਉਣਗੀਆਂ।
Publish Date: Fri, 09 Jan 2026 03:26 PM (IST)
Updated Date: Fri, 09 Jan 2026 03:30 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ: ਪੁਲਿਸ ਪ੍ਰਸ਼ਾਸਨ ਨੇ ਰਾਤ ਦੇ ਸਮੇਂ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੀ ਸਿਹਤ ਦਾ ਖਾਸ ਧਿਆਨ ਰੱਖਦੇ ਹੋਏ ਇਕ ਸ਼ਲਾਘਾਯੋਗ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਲੜੀ ਤਹਿਤ ਬਠਿੰਡਾ ਪੁਲਿਸ ਨੇ ਫੈਸਲਾ ਕੀਤਾ ਹੈ ਕਿ ਰਾਤ ਦੀ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਗਰਮ ਦੁੱਧ ਅਤੇ ਸੂਪ ਪ੍ਰਦਾਨ ਕੀਤਾ ਜਾਵੇਗਾ। ਇਸ ਪਹਿਲ ਦਾ ਮਕਸਦ ਪੁਲਿਸ ਕਰਮਚਾਰੀਆਂ ਨੂੰ ਸਰੀਰਕ ਤੰਦਰੁਸਤੀ ਪ੍ਰਦਾਨ ਕਰਨਾ ਅਤੇ ਥਕਾਵਟ ਘਟਾਉਣਾ ਹੈ ਤਾਂ ਜੋ ਮੁਲਾਜ਼ਮ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਿਹਤਰ ਢੰਗ ਨਾਲ ਨਿਭਾ ਸਕਣ। ਪੁਲਿਸ ਮੁਲਾਜ਼ਮਾਂ ਲਈ ਰਾਤ ਨੂੰ ਡਿਊਟੀ ਕਰਨਾ ਹਮੇਸ਼ਾਂ ਹੀ ਇਕ ਚੁਣੌਤੀਪੂਰਨ ਕੰਮ ਰਿਹਾ ਹੈ। ਇਸ ਨੂੰ ਦੇਖਦਿਆਂ ਪੁਲਿਸ ਵਿਭਾਗ ਨੇ ਮਨੁਖੱਤਾ ਅਤੇ ਸੰਵੇਦਨਸ਼ੀਲਤਾ ਦਾ ਝੰਡਾ ਲਹਿਰਾਉਂਦਿਆਂ ਇਹ ਕਦਮ ਚੁੱਕਿਆ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੌਸ਼ਟਿਕ ਅਤੇ ਗਰਮ ਤਰਲ ਚੀਜ਼ਾਂ ਨਾ ਸਿਰਫ਼ ਸਿਹਤ ਲਈ ਲਾਭਦਾਇਕ ਹੋਣਗੀਆਂ, ਸਗੋਂ ਇਸ ਨਾਲ ਮੁਲਾਜ਼ਮਾਂ ਦਾ ਮਨੋਬਲ ਵੀ ਵਧੇਗਾ। ਦੁੱਧ ਅਤੇ ਸੂਪ ਸਰੀਰ ਨੂੰ ਊਰਜਾ ਦੇਣ ਦੇ ਨਾਲ-ਨਾਲ ਠੰਢ ਤੋਂ ਬਚਾਅ ਵਿਚ ਵੀ ਮਦਦਗਾਰ ਸਾਬਤ ਹੋਵੇਗਾ। ਇਸ ਯੋਜਨਾ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਥਾਣਿਆਂ, ਚੌਕੀਆਂ ਅਤੇ ਨਾਕਿਆਂ ’ਤੇ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਲਈ ਨਿਯਮਿਤ ਤੌਰ ’ਤੇ ਗਰਮ ਦੁੱਧ ਅਤੇ ਸੂਪ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਰਾਤ ਦੇ ਸਮੇਂ ਵੱਖ-ਵੱਖ ਥਾਵਾਂ ’ਤੇ ਜਾ ਕੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਤਕ ਇਹ ਸੁਵਿਧਾ ਪਹੁੰਚਾਉਣਗੀਆਂ।