- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਾਂ ਨੂੰ ਸੰਬੋਧਨ ਦੌਰਾਨ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਦੇ ਸਾਢੇ ਚਾਰ ਸਾਲ ਲੰਘ ਜਾਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਅਦਬੀਆਂ ਸਬੰਧੀ ਕਾਨੂੰਨ ਬਣਾਉਣ ਦੀ ਯਾਦ ਆ ਗਈ ਪਰ ਬੇਅਦਬੀਆਂ ਸਬੰਧੀ ਕਾਨੂੰਨ ਤਾਂ 2016 ''ਚ ਅਕਾਲੀ ਸਰਕਾਰ ਸਮੇਂ ਲਿਆਂਦਾ ਗਿਆ ਸੀ ਪਰ ਬਾਅਦ ਦੀਆਂ ਸਰਕਾਰ ਪਿਛਲੇ ਦਸ ਸਾਲਾਂ ਚ ਉਸਨੂੰ ਪਾਸ ਹੀ ਨਹੀ ਕਰਵਾ ਸਕੀਆਂ।

ਖੁਸ਼ਦੀਪ ਸਿੰਘ ਗਿੱਲ , ਤਲਵੰਡੀ ਸਾਬੋ :ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਪੰਜਾਬ ਬਚਾਉ’ ਸਿਰਲੇਖ ਹੇਠ ਸੂਬੇ ਭਰ ਚ ਕੀਤੀਆਂ ਜਾ ਰਹੀਆਂ ਰਾਜਸੀ ਰੈਲੀਆਂ ਦੀ ਲੜੀ ਚ ਅੱਜ 40 ਵੀਂ ਰੈਲੀ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਟ੍ਰੈਕਟਰ ਮੰਡੀ ਚ ਕੀਤੀ, ਜਿਸ ਵਿੱਚ ਪਾਰਟੀ ਦੇ ਸਾਰੇ ਹੀ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ।ਲੋਕਾਂ ਦੇ ਭਾਰੀ ਇਕੱਠ ਦੇ ਚਲਦਿਆਂ ਰੈਲੀ ਦੀ ਸਫਲਤਾ ਤੋਂ ਗਦਗੱਦ ਹੁੰਦਿਆਂ ਪਾਰਟੀ ਆਲਾਕਮਾਨ ਆਗੂਆਂ ਵੱਲੋਂ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ। ਲੋਕਾਂ ਨੂੰ ਸੰਬੋਧਨ ਦੌਰਾਨ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਦੇ ਸਾਢੇ ਚਾਰ ਸਾਲ ਲੰਘ ਜਾਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਅਦਬੀਆਂ ਸਬੰਧੀ ਕਾਨੂੰਨ ਬਣਾਉਣ ਦੀ ਯਾਦ ਆ ਗਈ ਪਰ ਬੇਅਦਬੀਆਂ ਸਬੰਧੀ ਕਾਨੂੰਨ ਤਾਂ 2016 ''ਚ ਅਕਾਲੀ ਸਰਕਾਰ ਸਮੇਂ ਲਿਆਂਦਾ ਗਿਆ ਸੀ ਪਰ ਬਾਅਦ ਦੀਆਂ ਸਰਕਾਰ ਪਿਛਲੇ ਦਸ ਸਾਲਾਂ ਚ ਉਸਨੂੰ ਪਾਸ ਹੀ ਨਹੀ ਕਰਵਾ ਸਕੀਆਂ। ਉਨਾਂ ਕਿਹਾ ਕਿ ਅੱਜ ਪੰਜਾਬ ਦੀ ਹਰ ਗਲੀ ''ਚ ਨਸ਼ਾ ਵਿਕ ਰਿਹੈ ਪਰ ਸਰਕਾਰ ਇਸਨੂੰ ਠੱਲ ਪਾਉਣ ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਕਦੇ ਗੈਂਗਸਟਰਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਨਹੀ ਸੀ ਨੱਚਿਆ ਪਰ ਜਦੋਂ ਦੀ ‘ਆਪ’ ਸਰਕਾਰ ਆਈ ਹੈ ਉਦੋਂ ਦਾ ਗੈਂਗਸਟਰਾਂ ਦਾ ਰਾਜ ਨਜ਼ਰ ਆ ਰਿਹੈ।ਲਾਰੈਂਸ਼ ਬਿਸ਼ਨੋਈ ਵਰਗੇ ਖੁੱਲੇਆਮ ਇੰਟਰਵਿਊਆਂ ਦਿੰਦੇ ਰਹੇ ਤੇ ਹੱਦ ਤਾਂ ਇਹ ਕਿ ਇਸ ਸਰਕਾਰ ਨੇ ਜੱਗੂ ਭਗਵਾਨਪੁਰੀਆ ਦੀ ਮਾਸੀ ਨੂੰ ਜਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾ ਦਿੱਤਾ ਫਿਰ ਹੁਣ ਇਹ ਕਿਸ ਮੂੰਹ ਨਾਲ ਗੈਂਗਸਟਰਾਂ ਦੇ ਖਾਤਮੇ ਦੇ ਦਾਅਵੇ ਕਰ ਰਹੇ ਹਨ।
ਇਕੱਠ ਨੂੰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਬਦਲਾਅ ਦੇ ਨਾਅਰੇ ਨਾਲ ਸੱਤਾ ''ਚ ਆਈ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਤੇ ਵਿਧਾਇਕ ਸਿਰਫ ਜੇਬਾਂ ਭਰਨ ਲੱਗੇ ਹੋਏ ਹਨ।ਉਨ੍ਹਾਂ ਨੇ ਇੱਕ ਮੰਤਰੀ ਦੀ ਵਾਇਰਲ ਆਡੀਓ ਤੇ ਉਸਨੂੰ ਘੇਰਦਿਆਂ ਕਿਹਾ ਕਿ ਇਹ ਸਰਕਾਰ ਟਰਾਲੀ ਚੋਰਾਂ ਦੀ ਸਰਕਾਰ ਹੈ।ਆਪਣੇ ਸੰਬੋਧਨ ''ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਂਵੇ ਇਸ ਹਲਕੇ ਤੋਂ ਪਿਛਲੇ 41 ਸਾਲ੍ਹਾਂ ਤੋਂ ਅਕਾਲੀ ਦਲ ਦਾ ਵਿਧਾਇਕ ਨਹੀ ਬਣਿਆ ਪਰ ਸਮੁੱਚੇ ਪੰਜਾਬ ਵਾਂਗ ਇਸ ਹਲਕੇ ਦਾ ਵਿਕਾਸ ਵੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੋਇਆ।ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲੋਕ ਵਿਸ਼ਵਾਸ ਖੋਹ ਚੁੱਕੀ ਹੈ ਪਹਿਲਾਂ ਲਾਲਜੀਤ ਭੁੱਲਰ ਤੋਂ ਤੰਗ ਆ ਕੇ ਇੱਕ ਅਫਸਰ ਖੁਦਕੁਸ਼ੀ ਕਰ ਚੁੱਕਾ ਹੈ ਤੇ ਹੁਣ ਮੰਤਰੀ ਮੁੰਡੀਆਂ ਦੀ ਆਡੀਓ ਵਾਇਰਲ ਹੋਣ ਨਾਲ ਪਤਾ ਲੱਗਾ ਗਿਆ ਕਿ ਹਮਾਮ ਚ ਸਾਰੇ ਨੰਗੇ ਹਨ।ਉਨ੍ਹਾਂ ਇਸ ਮੌਕੇ ਰਵੀਪ੍ਰੀਤ ਸਿੰਘ ਸਿੱਧੁੂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਜਿਸਦਾ ਪਾਰਟੀ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ।
ਰੈਲੀ ਨੂੰ ਜਿੱਥੇ ਸੀ.ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਸਿਕੰਦਰ ਸਿੰਘ ਮਲੂਕਾ ਨੇ ਸੰਬੋਧਨ ਕੀਤਾ। ਉੱਥੇ ਇਸ ਮੌਕੇ ਸੀ.ਆਗੂ ਬਲਕਾਰ ਸਿੰਘ ਬਰਾੜ,ਮੋਹਣ ਸਿੰਘ ਬੰਗੀ,ਜਗਸੀਰ ਸਿੰਘ ਜੱਗਾ ਕਲਿਆਣ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ,ਜਿਲ੍ਹਾ ਸ਼ਹਿਰੀ ਪ੍ਰਧਾਨ ਸ਼ੁਸ਼ੀਲ ਕੁਮਾਰ ਗੋਲਡੀ,ਐਡਵੋਕੇਟ ਸਤਿੰਦਰਪਾਲ ਸਿੰਘ ਸਿੱਧੂ,ਦਵਿੰਦਰ ਸਿੰਘ ਕੋਟਬਖਤੂ,ਹਰਤਾਬਲ ਸਿੰਘ ਸੁੱਖੀ ਆਦਿ ਮੌਜੂਦ ਸਨ। ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਜ਼ੈਲਦਾਰ ਅਤੇ ਸੁਖਮੰਦਰ ਸਿੰਘ ਭਾਗੀਵਾਂਦਰ ਨੇ ਨਿਭਾਈ।