ਸੰਗਤ ਮੰਡੀ ’ਚ ਪਾਣੀ ਸਪਲਾਈ ਸ਼ੁਰੂ ਹੁੰਦੇ ਹੀ ਬਿਜਲੀ ਹੋਈ ਠੱਪ
ਧਰਮਪਾਲ ਸਿੰਘ, ਪੰਜਾਬੀ ਜਾਗਰਣ,
Publish Date: Sun, 10 May 2026 06:04 PM (IST)
Updated Date: Mon, 11 May 2026 04:15 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਇੱਥੇ ਪਿਛਲੇ ਦੋ ਦਿਨਾਂ ਤੋਂ ਪਾਣੀ ਸਪਲਾਈ ਸ਼ੁਰੂ ਹੁੰਦੇ ਹੀ ਬਿਜਲੀ ਸਪਲਾਈ ਠੱਪ ਹੋ ਜਾਂਦੀ ਹੈ, ਜਿਸ ਕਾਰਨ ਗਰਮੀ ਦੇ ਦਿਨਾਂ ’ਚ ਲੋਕਾਂ ਨੂੰ ਪੀਣਯੋਗ ਪਾਣੀ ਦੀ ਸਮੱਸਿਆ ਨਾਲ ਨਜਿੱਠਣਾ ਪੈ ਰਿਹਾ ਹੈ। ਇਲਾਕੇ ’ਚ ਵਾਰ-ਵਾਰ ਲੱਗਦੇ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਪਿੰਡਾਂ ਦੇ ਲੋਕ ਪਹਿਲਾਂ ਹੀ ਪ੍ਰੇਸ਼ਾਨ ਹੋ ਕੇ ਧਰਨੇ ਮੁਜ਼ਾਹਰਿਆਂ ਦਾ ਰਾਹ ਅਖ਼ਤਿਆਰ ਕਰ ਰਹੇ ਹਨ ਪ੍ਰੰਤੂ ਹੁਣ ਸੰਗਤ ਮੰਡੀ ਵਿਖੇ ਸ਼ਹਿਰੀ ਫੀਡਰ ਦੀ ਸਪਲਾਈ ਉਸ ਸਮੇਂ ਬੰਦ ਕਰ ਦਿੱਤੀ ਜਾਂਦੀ ਹੈ, ਜਦੋਂ ਪਾਣੀ ਦੀ ਸਪਲਾਈ ਸ਼ਹਿਰ ਵਾਸੀਆਂ ਨੂੰ ਦਿੱਤੀ ਜਾਂਦੀ ਹੈ। ਇਹ ਵਰਤਾਰਾ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਬਾਰੇ ਜਦੋਂ ਪਾਵਕਾਮ ਦੇ ਜੇ.ਈ. ਗੁਰਸੇਵਕ ਸਿੰਘ ਨਾਲ ਉਨ੍ਹਾਂ ਦੇ ਸਰਕਾਰੀ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਸਬ-ਡਿਵੀਜ਼ਨ ਅਧਿਕਾਰੀ ਐਸ.ਡੀ.ਓ. ਵਿਜੈ ਕੁਮਾਰ ਗੁਪਤਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਸ਼ਹਿਰੀ ਫੀਡਰ ਦੇ ਜੇ.ਈ. ਗੁਰਸੇਵਕ ਸਿੰਘ ਵੱਲੋਂ ਬਿਜਲੀ ਲਾਈਨਾਂ ਨਾਲ ਲੱਗਦੇ ਦਰਖ਼ਤਾਂ ਦੀ ਕਟਾਈ ਲਈ 2 ਘੰਟਿਆਂ ਦਾ ਪਰਮਿਟ ਲਿਆ ਗਿਆ ਸੀ ਪ੍ਰੰਤੂ ਉਨ੍ਹਾਂ ਨੂੰ ਸ਼ਹਿਰ ਦੇ ਪਾਣੀ ਸਪਲਾਈ ਟਾਇਮ ਬਾਰੇ ਪੱਕਾ ਪਤਾ ਨਾ ਹੋਣ ਕਾਰਨ ਇਹ ਸਮੱਸਿਆ ਆਈ ਹੈ, ਜੋ ਅੱਗੇ ਤੋਂ ਇਹ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।