ਖ਼ੁਦਕੁਸ਼ੀ ਦਾ ਯਤਨ ਕਰਨ ਵਾਲੀ ਜਬਰ ਜਨਾਹ ਪੀੜਤ ਕੁੜੀ ਦੀ ਮੌਤ, ਮਾਪਿਆਂ ਨੇ ਪੁਲਿਸ 'ਤੇ ਲਾਏ ਗੰਭੀਰ ਇਲਜ਼ਾਮ
ਥਾਣਾ ਨਥਾਣਾ ਅਧੀਨ ਪੈਂਦੇ ਇਕ ਪਿੰਡ ਦੀ ਨਬਾਲਗ ਕੁੜੀ ਦੇ ਬਿਆਨਾਂ ਦੇ ਅਧਾਰ ’ਤੇ ਕੁਝ ਸਮਾਂ ਪਹਿਲਾਂ ਪਿੰਡ ਮਹਿਰਾਜ ਦੀ ਮਾਂ-ਧੀ ਅਤੇ ਲਹਿਰਾ ਬੇਗਾ ਪਿੰਡ ਦੇ ਇਕ ਮਿਸਤਰੀ ਖਿਲਾਫ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ, ਪਰ ਮਾਪਿਆਂ ਅਨੁਸਾਰ ਪੁਲਿਸ ਨੇ ਉਸ ਸਮੇਂ ਪੋਕਸੋ ਐਕਟ ਨਹੀਂ ਲਗਾਇਆ।
Publish Date: Sat, 24 Jan 2026 04:30 PM (IST)
Updated Date: Sat, 24 Jan 2026 04:38 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਹੀ ਜ਼ਲੀਲ ਕਰਨ ਤੋਂ ਦੁਖੀ ਹੋ ਕੇ ਖੁਦਕਸ਼ੀ ਕਰਨ ਦਾ ਯਤਨ ਕਰਨ ਵਾਲੀ ਜਬਰ ਜਨਾਹ ਪੀੜਤ ਕੁੜੀ ਦੀ ਸ਼ਨੀਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਪੀੜਤ ਕੁੜੀ ਏਮਜ਼ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ। ਹਾਲਾਂਕਿ ਉਸਨੇ ਬਠਿੰਡਾ ਪੁਲਿਸ ਕੋਲ ਆਪਣੇ ਬਿਆਨ ਵੀ ਦਰਜ ਕਰਵਾ ਦਿੱਤੇ ਸਨ।
ਜਾਣਕਾਰੀ ਅਨੁਸਾਰ ਥਾਣਾ ਨਥਾਣਾ ਅਧੀਨ ਪੈਂਦੇ ਇਕ ਪਿੰਡ ਦੀ ਨਬਾਲਗ ਕੁੜੀ ਦੇ ਬਿਆਨਾਂ ਦੇ ਅਧਾਰ ’ਤੇ ਕੁਝ ਸਮਾਂ ਪਹਿਲਾਂ ਪਿੰਡ ਮਹਿਰਾਜ ਦੀ ਮਾਂ-ਧੀ ਅਤੇ ਲਹਿਰਾ ਬੇਗਾ ਪਿੰਡ ਦੇ ਇਕ ਮਿਸਤਰੀ ਖਿਲਾਫ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ, ਪਰ ਮਾਪਿਆਂ ਅਨੁਸਾਰ ਪੁਲਿਸ ਨੇ ਉਸ ਸਮੇਂ ਪੋਕਸੋ ਐਕਟ ਨਹੀਂ ਲਗਾਇਆ। ਪੀੜਤ ਕੁੜੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਨਸਾਫ਼ ਲੈਣ ਲਈ ਵਾਰ ਵਾਰ ਥਾਣਿਆਂ ਦੇ ਚੱਕਰ ਕੱਟਦੇ ਰਹੇ, ਪਰ ਪੁਲਿਸ ਨੇ ਇਨਸਾਫ ਦੇਣ ਦੀ ਬਜਾਏ ਕੁੜੀ ਨੂੰ ਹੀ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ। ਐਨਾ ਹੀ ਨਹੀਂ ਕਿ ਕੁੜੀ ਅਤੇ ਉਸ ਦੇ ਪਿਉ ਨੂੰ ਇਸ ਕਦਰ ਜ਼ਲੀਲ ਕੀਤਾ ਕਿ ਨਾਬਾਲਗ ਕੁੜੀ ਨੇ ਇਨਸਾਫ ਨਾ ਮਿਲਦਾ ਦੇਖ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਏਮਜ ਵਿੱਚ ਰੈਫਰ ਕਰ ਦਿੱਤਾ ਗਿਆ ਹੈ।
ਪੀੜਤ ਕੁੜੀ ਪਿੰਡ ਮਹਿਰਾਜ ਵਿਖੇ ਆਪਣੀ ਸਹੇਲੀ ਕੁਸ਼ਨੂਰ ਕੌਰ ਦੇ ਘਰ ਗਈ ਸੀ, ਇਸ ਦੌਰਾਨ ਕੁਸ਼ਨੂਰ ਕੌਰ ਅਤੇ ਉਸਦੀ ਮਾਤਾ ਸੁਖਦੀਪ ਕੌਰ ਨੇ ਕੁੜੀ ਨੂੰ ਮੁਲਜ਼ਮ ਨਾਲ ਭੇਜ ਦਿੱਤਾ, ਜਿਸ ਨੇ ਕੁੜੀ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਕੁੜੀ ਦੇ ਪਰਿਵਾਰਕ ਮੈਂਬਰ ਪੁਲਿਸ ਕੋਲ ਪੁੱਜੇ, ਪਰ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ ਸੀ। ਇਸ ਤੋਂ ਬਾਅਦ ਮਾਮਲਾ ਗਰਮਾਉਂਦਾ ਦੇਖ ਕੇ ਪੁਲਿਸ ਨੇ ਉਕਤ ਤਿੰਨਾਂ ਖਿਲਾਫ ਜਬਰ ਜਨਾਹ ਦਾ ਕੇਸ ਦਰਜ ਕਰ ਲਿਆ। ਪਿਛਲੇ ਸ਼ਨੀਵਾਰ ਕੁੜੀ ਨੇ ਕੋਈ ਜ਼ਹਿਰਲੀ ਵਸਤ ਖਾ ਲਈ ਸੀ, ਜਿਸਦਾ ਏਮਜ਼ ਵਿਚ ਇਲਾਜ ਚੱਲ ਰਿਹਾ ਸੀ, ਪਰ ਹੁਣ ੳਸਦੀ ਮੌਤ ਹੋ ਗਈ ਹੈ। ਪੁਲਿਸ ਨੇ ਕੁਸ਼ਨੂਰ, ਉਸਦੀ ਮਾਤਾ ਸੁਖਦੀਪ ਕੌਰ ਤੇ ਸੁਖਪ੍ਰੀਤ ਸਿੰਘ ਲਹਿਰਾ ਬੇਗਾ ਖਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਕੇਸ ਦਰਜ ਕੀਤਾ ਹੈ।