- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਪਹਿਲਾਂ ਵੀ ਨਸ਼ਿਆਂ ਅਤੇ ਗੈਰਕਾਨੂੰਨੀ ਸਮਾਨ ਦੀਆਂ ਘਟਨਾਵਾਂ ਕਰਕੇ ਸੁਰਖੀਆਂ ਵਿੱਚ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜੇਲ੍ਹ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਸੀਆਰਪੀਐਫ ਦੀ ਤੈਨਾਤੀ ਕੀਤੀ ਗਈ ਸੀ, ਪਰ ਇਸ ਤਾਜ਼ਾ ਮਾਮਲੇ ਨੇ ਉਨ੍ਹਾਂ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ: ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਉਸ ਵੇਲੇ ਗੰਭੀਰ ਸਵਾਲ ਖੜ੍ਹੇ ਹੋ ਗਏ ਜਦੋਂ ਜੇਲ੍ਹ ਵਿੱਚ ਤੈਨਾਤ ਸੀਆਰਪੀਐਫ ਦਾ ਇਕ ਕਾਂਸਟੇਬਲ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਕਾਂਸਟੇਬਲ ਆਪਣੀ ਡਿਊਟੀ ਲਈ ਜੇਲ੍ਹ ਅੰਦਰ ਦਾਖਲ ਹੋਣ ਲੱਗਾ। ਮੁਲਜ਼ਮ ਦੀ ਪਛਾਣ ਰਜਿੰਦਰ ਸਿੰਘ ਪੁੱਤਰ ਹਰਗੋਬਿੰਦ ਸਿੰਘ ਵਾਸੀ ਮੰਡੀ ਡੱਬਵਾਲੀ ਵਜੋਂ ਹੋਈ ਹੈ, ਜੋ ਕਿ ਬਟਾਲੀਅਨ ਬੀ-245 ਵਿੱਚ ਸੇਵਾ ਨਿਭਾ ਰਿਹਾ ਸੀ।
ਜੇਲ੍ਹ ਦੀ ਸੁਰੱਖਿਆ ਲਈ ਤੈਨਾਤ ਇਸ ਕਾਂਸਟੇਬਲ ਨੂੰ ਉਸਦੇ ਸਾਥੀ ਮੁਲਾਜ਼ਮਾਂ ਨੇ ਸ਼ੱਕ ਦੇ ਆਧਾਰ ‘ਤੇ ਡਿਊਢੀ ਵਿਚ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਕੋਲੋਂ 23.99 ਗ੍ਰਾਮ ਅਫੀਮ, 158 ਗ੍ਰਾਮ ਜਰਦਾ ਅਤੇ ਸਿਗਰਟਾਂ ਦਾ ਇਕ ਪੈਕਟ ਬਰਾਮਦ ਹੋਇਆ। ਪਤਾ ਲੱਗਿਆ ਹੈ ਕਿ ਮੁਲਜ਼ਮ ਇਹ ਸਮਾਨ ਚੁਪਕੇ ਨਾਲ ਜੇਲ੍ਹ ਅੰਦਰ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਘਟਨਾ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਜੇਲ੍ਹ ਸੁਰੱਖਿਆ ਵਿੱਚ ਤੈਨਾਤ ਕੁਝ ਕਰਮਚਾਰੀ ਹੀ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦੇ ਹਨ, ਜਿਸ ਨਾਲ ਪ੍ਰਸ਼ਾਸਨ ਲਈ ਚਿੰਤਾ ਵਧ ਗਈ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਪਹਿਲਾਂ ਵੀ ਨਸ਼ਿਆਂ ਅਤੇ ਗੈਰਕਾਨੂੰਨੀ ਸਮਾਨ ਦੀਆਂ ਘਟਨਾਵਾਂ ਕਰਕੇ ਸੁਰਖੀਆਂ ਵਿੱਚ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜੇਲ੍ਹ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਸੀਆਰਪੀਐਫ ਦੀ ਤੈਨਾਤੀ ਕੀਤੀ ਗਈ ਸੀ, ਪਰ ਇਸ ਤਾਜ਼ਾ ਮਾਮਲੇ ਨੇ ਉਨ੍ਹਾਂ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਵੱਡੀ ਗਿਣਤੀ ਖਤਰਨਾਕ ਗੈਂਗਸਟਰ ਬੰਦ ਹਨ ਅਤੇ ਕੁੱਝ ਦਿਨ ਪਹਿਲਾਂ ਹੀ ਵਿਧਾਇਕ ਹਰਮੀਤ ਸਿੰਘ ਪਠਾਣ ਮਾਜ਼ਰਾ ਨੂੰ ਇਸ ਜੇਲ੍ਹ ਵਿਚ ਭੇਜਿਆ ਗਿਆ ਹੈ। ਜੇਲ੍ਹ ਦੀ ਸਹਾਇਕ ਸੁਪਰਡੈਂਟ ਅਨੂ ਮਲਿਕ ਨੇ ਇਸ ਮਾਮਲੇ ਦੀ ਸੂਚਨਾ ਤੁਰੰਤ ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਸਹਾਇਕ ਥਾਣੇਦਾਰ ਮਲਕੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨਾਲ ਪੁੱਛਗਿੱਛ ਜਾਰੀ ਹੈ। ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿੰਨੇ ਸਮੇਂ ਤੋਂ ਇਸ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਸੀ ਅਤੇ ਕੀ ਇਸ ਮਾਮਲੇ ਵਿੱਚ ਹੋਰ ਲੋਕ ਵੀ ਸ਼ਾਮਲ ਹਨ। ਇਸ ਘਟਨਾ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਲਈ ਇਹ ਇਕ ਵੱਡੀ ਚਿਤਾਵਨੀ ਵਜੋਂ ਸਾਹਮਣੇ ਆਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅੰਦਰੂਨੀ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਜੇਲ੍ਹ ਪ੍ਰਬੰਧਨ ‘ਤੇ ਲੋਕਾਂ ਦਾ ਭਰੋਸਾ ਕਾਇਮ ਰਹੇ।