ਮੁਲਜ਼ਮ ਨੂੰ ਫੜਨ ਗਈ ਪੁਲਿਸ ਟੀਮ 'ਤੇ ਹਮਲਾ, ਭੀੜ ਨੇ ਘੇਰ ਕੇ ਬਣਾਇਆ ਬੰਧਕ, ਇਲਾਕੇ ’ਚ ਤਣਾਅ
ਜ਼ਿਲ੍ਹਾ ਬਠਿੰਡਾ ਦੇ ਪਿੰਡ ਢਪਾਲੀ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਸੰਗਰੂਰ ਦੀ ਪੁਲਿਸ ਪਾਰਟੀ ’ਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਭਾਵੇਂ ਇਸ ਹਮਲੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ, ਪਰ ਕਰੀਬ 25 ਤੋਂ 30 ਲੋਕਾਂ ਨੇ ਪੁਲਿਸ ਪਾਰਟੀ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਕੁਝ ਸਮੇਂ ਲਈ ਬੰਦਕ ਬਣਾ ਲਿਆ।
Publish Date: Fri, 01 May 2026 12:43 PM (IST)
Updated Date: Fri, 01 May 2026 12:59 PM (IST)
ਗੁਰਤੇਜ ਸਿੰਘ ਸਿੱਧੂ, ਬਠਿੰਡਾ। ਜ਼ਿਲ੍ਹਾ ਬਠਿੰਡਾ ਦੇ ਪਿੰਡ ਢਪਾਲੀ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਸੰਗਰੂਰ ਦੀ ਪੁਲਿਸ ਪਾਰਟੀ ’ਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਭਾਵੇਂ ਇਸ ਹਮਲੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ, ਪਰ ਕਰੀਬ 25 ਤੋਂ 30 ਲੋਕਾਂ ਨੇ ਪੁਲਿਸ ਪਾਰਟੀ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਕੁਝ ਸਮੇਂ ਲਈ ਬੰਧਕ ਬਣਾ ਲਿਆ।
ਜਾਣਕਾਰੀ ਮੁਤਾਬਕ ਜਦੋਂ ਪੁਲਿਸ ਪਾਰਟੀ ਧੋਖਾਧੜੀ ਦੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਰਣਦੀਪ ਸਿੰਘ ਦੇ ਘਰ ਛਾਪੇਮਾਰੀ ਕਰਨ ਪਹੁੰਚੀ, ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਪਿੰਡ ਦੇ ਹੋਰ ਲੋਕਾਂ ਨੂੰ ਵੀ ਸੂਚਿਤ ਕਰ ਦਿੱਤਾ, ਜਿਸ ਨਾਲ ਦੇਖਦੇ ਹੀ ਦੇਖਦੇ 25-30 ਲੋਕ ਮੌਕੇ ’ਤੇ ਇਕੱਠੇ ਹੋ ਗਏ। ਇਸ ਦੌਰਾਨ ਜਦੋਂ ਪੁਲਿਸ ਨੇ ਰਣਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਪੁਲਿਸ ਨਾਲ ਗਾਲੀ-ਗਲੋਚ ਅਤੇ ਧੱਕਾ-ਮੁੱਕੀ ਕੀਤੀ।
ਪੁਲਿਸ ਪਾਰਟੀ ’ਤੇ ਪੱਥਰਬਾਜ਼ੀ ਕੀਤੇ ਜਾਣ ਦੀ ਵੀ ਸੂਚਨਾ ਹੈ। ਇਸ ਹੰਗਾਮੇ ਦੌਰਾਨ ਮੁਲਜ਼ਮ ਨੂੰ ਮੌਕੇ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਥਾਣਾ ਫੂਲ ਦੀ ਪੁਲਿਸ ਨੇ ਸੰਗਰੂਰ ਪੁਲਿਸ ਦੇ ਹੌਲਦਾਰ ਗੁਰਸੇਵਕ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 28 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਪੁਲਿਸ ਨੇ ਰਣਦੀਪ ਸਿੰਘ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਹੇਠ 21 ਅਪ੍ਰੈਲ ਨੂੰ ਕੇਸ ਦਰਜ ਕੀਤਾ ਸੀ।
ਬਾਅਦ ਵਿੱਚ ਸੂਚਨਾ ਮਿਲੀ ਕਿ ਉਹ ਆਪਣੇ ਘਰ ਪਿੰਡ ਢਪਾਲੀ ਵਿੱਚ ਮੌਜੂਦ ਹੈ, ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਛਾਪੇਮਾਰੀ ਕੀਤੀ। ਹੌਲਦਾਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਣਦੀਪ ਸਿੰਘ, ਜਰਨੈਲ ਸਿੰਘ, ਭੋਲੀ ਕੌਰ ਅਤੇ ਕਰੀਬ 25 ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਪੁਲਿਸ ਪਾਰਟੀ ’ਤੇ ਹਮਲਾ ਕੀਤਾ ਅਤੇ ਪੁਲਿਸ ਦੀ ਡਿਊਟੀ ਵਿੱਚ ਰੁਕਾਵਟ ਪਾਈ। ਥਾਣਾ ਫੂਲ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।